Latest

ਫ਼ਿਲਮ 'ਧਰਮ ਯੁੱਧ ਮੋਰਚਾ' ਦੇ ਭਾਰਤ 'ਚ ਰਿਲੀਜ਼ ਹੋਣ 'ਤੇ ਪਾਬੰਦੀ

Written By Just Punjabi on Friday, August 12, 2016 | 11:42 PM

ਚੰਡੀਗੜ੍ਹ: ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ 'ਧਰਮ ਯੁੱਧ ਮੋਰਚਾ' ਦੇ ਭਾਰਤ 'ਚ ਰਿਲੀਜ਼ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ਿਲਮ ਪੰਜਾਬ ਸੂਬਾ ਮੋਰਚੇ ਦੇ ਸੰਘਰਸ਼ ਤੋਂ ਲੈ ਕੈ ਧਰਮ ਯੁੱਧ ਮੋਰਚਾ ਤੇ
 
ਖਾੜਕੂਵਾਦ ਦੇ ਦਿਨਾਂ ਦਾ ਇਕ ਦਸਤਾਵੇਜ਼ ਹੈ। ਫ਼ਿਲਮ 'ਚ ਮੁੱਖ ਕਿਰਦਾਰ ਵਜੋਂ ਭੂਮਿਕਾ ਮਸ਼ਹੂਰ ਅਦਾਕਾਰ,ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ,ਜੋ ਕੈਨੇਡਾ ਦੇ ਵੈਨਕੂਵਰ 'ਚ ਰਹਿੰਦੇ ਹਨ। ਫ਼ਿਲਮ ਦੇ ਨਿਰਦੇਸ਼ਕ ਨਰੇਸ਼ ਐਸ ਗਰਗ ਹਨ। ਇਹ ਫ਼ਿਲਮ ਭਾਰਤ ਤੋਂ ਬਾਹਰ ਪੂਰੀ ਦੁਨੀਆ 'ਚ 16 ਸਤੰਬਰ ਨੂੰ ਰਲੀਜ਼ ਹੋ ਰਹੀ ਹੈ।
ਸੈਂਸਰ ਬੋਰਡ ਵੱਲੋਂ ਫਿਲਮ 'ਤੇ ਪਾਬੰਦੀ ਲਗਾਉਣ 'ਤੇ ਟਿੱਪਣੀ ਕਰਦਿਆਂ ਮੁੱਖ ਅਦਾਕਾਰ ਰਾਜ ਕਾਕੜਾ ਨੇ ਕਿਹਾ ਹੈ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਬੇਹੱਦ ਗਲਤ ਹੈ। ਕਲਾ ਦੇ ਮਾਧਿਆਮ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕਰਨਾ ਕੋਈ ਜ਼ੁਰਮ ਨਹੀਂ ਹੈ ਤੇ ਅਸੀਂ ਪੰਜਾਬ ਤੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਇਕ ਦਸਤਾਵੇਜ਼ ਵਜੋਂ ਪੇਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਨਾਲ ਇਤਿਹਾਸ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ। ਇਤਿਹਾਸ ਸਾਨੂੰ ਸਾਰਿਆਂ ਨੂੰ ਸਵਾਲ ਕਰ ਰਿਹਾ ਹੈ ਤੇ ਸਾਰੇ ਪੰਜਾਬੀਆਂ ਨੂੰ ਇਤਿਹਾਸ ਦੇ ਉਸ ਦੌਰ ਨਾਲ ਸੰਵਾਦ ਰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੂੰ ਆਪਣੇ ਫੈਸਲੇ 'ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।
dharam yudh morcha banned in India
ਕਾਕੜਾ ਨੇ ਕਿਹਾ ਕਿ ਨਵੇਂ ਪੰਜਾਬ ਨੂੰ ਸਮਝਣ ਲਈ 1947 ਦੀ ਵੰਡ, ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਖਾੜਕੂਵਾਦ ਤੱਕ ਦਾ ਦੌਰ ਬਹੁਤ ਅਹਿਮ ਹੈ। ਅਨੰਦਪੁਰ ਸਾਹਿਬ ਦਾ ਮਤਾ ਅੱਜ ਵੀ ਆਪਣੀ ਧਾਰਮਿਕ,ਸਮਾਜਿਕ ਤੇ ਸਿਆਸੀ ਅਹਿਮੀਅਤ ਰੱਖਦਾ ਹੈ। ਅਸੀਂ ਇਸ ਫ਼ਿਲਮ ਦੇ ਜ਼ਰੀਏ ਪੰਜਾਬ ਦੀ ਦੁਖ਼ਦੀ ਰਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਭਰ 'ਚ ਬੈਠੇ ਪੰਜਾਬੀ ਆਪਣੇ ਇਤਿਹਾਸ ਨੂੰ ਜਾਨਣ ਲਈ ਉਤਸਕ ਹਨ ਤੇ ਇਸ ਸਾਰੇ ਵਰਤਾਰੇ ਤੋਂ ਬਾਅਦ ਪੈਦਾ ਹੋਈ ਨਵੀਂ ਪੀੜ੍ਹੀ 'ਚ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਦੇਖਣ ਦੀ ਬਹੁਤ ਤਾਂਘ ਹੈ।
ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਨੇ ਕਿਹਾ ਹੈ ਕਿ ਦੁਨੀਆ ਭਰ 'ਚ ਅਤੇ ਖ਼ਾਸ ਕਰ ਯੂਰਪ 'ਚ ਵੱਡੇ ਪੱਧਰ 'ਤੇ ਇਤਿਹਾਸ ਉੱਤੇ ਸਿਨੇਮਾ ਬਣਾਇਆ ਗਿਆ ਹੈ। ਓਥੋਂ ਦੀਆਂ ਸਰਕਾਰਾਂ ਤੇ ਸੈਂਸਰਾਂ ਬੋਰਡਾਂ ਨੇ ਕਦੇ ਸਿਨੇਮਾ ਜਿਹੀ ਸੂਖ਼ਮ ਕਲਾ 'ਤੇ ਪਾਬੰਦੀ ਨਹੀਂ ਲਗਾਈ ਪਰ ਭਾਰਤ 'ਚ ਲਗਾਤਾਰ ਸਿੱਖ ਭਾਈਚਾਰੇ ਨਾਲ ਜੁੜੀਆਂ ਫ਼ਿਲਮਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਫ਼ਿਲਮ ਕਿਸੇ ਖ਼ਿਲਾਫ ਕੋਈ ਨਫ਼ਰਤ ਪੈਦਾ ਨਹੀਂ ਕਰਦੀ ਸਗੋਂ ਹਰ ਵਿਅਕਤੀ ਨੂੰ ਉਸ ਸਮੇਂ ਦੇ ਤੱਥਾਂ ਤੇ ਘਟਨਾਵਾਂ ਤੋਂ ਜਾਣੂ ਕਰਵਾਉਂਦੀ ਹੈ। ਬਾਠ ਨੇ ਕਿਹਾ ਕਿ ਕਲਾ ਦੀ ਆਜ਼ਾਦੀ ਚੰਗੇ ਲੋਕਤੰਤਰ ਦੀ ਮੁੱਢਲੀ ਪਛਾਣ ਹੁੰਦੀ ਹੈ ਤੇ ਜੇ ਕਿਤੇ ਕਲਾ ਦੀ ਆਜ਼ਾਦੀ ਖ਼ਤਮ ਹੁੰਦੀ ਹੈ ਤੇ ਲੋਕਾਂ 'ਚ ਸਟੇਟ ਪ੍ਰਤੀ ਬੇਵਿਸਵਾਸ਼ੀ ਵੀ ਵਧਦੀ ਹੈ। 


ਬਾਠ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਇਕ ਧਾਰਮਿਕ ਘੱਟਗਿਣਤੀ ਦੇ ਤੌਰ 'ਤੇ ਹਮੇਸ਼ਾਂ ਕੇਂਦਰ ਸਰਕਾਰ ਨਾਲ ਨਾਰਜ਼ਗੀ ਰਹੀ ਤੇ ਇਸ ਦਾ ਵੱਡਾ ਕਾਰਨ ਫੈਡਰਲ ਸਿਸਟਮ ਦਾ ਸਹੀ ਤਰੀਕਾ ਨਾਲ ਲਾਗੂ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਖ਼ਿਲਾਫ ਲਿਆ ਗਿਆ ਫੈਸਲਾ ਵੀ ਪੰਜਾਬ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਉਹ ਫ਼ਿਲਮ ਨੂੰ ਭਾਰਤ 'ਚ ਰਿਲੀਜ਼ ਕਰਵਾਉਣ ਲਈ ਕਾਨੂੰਨੀ ਚਾਰਾਜ਼ੋਈ ਵੀ ਕਰਨਗੇ।
ਦੱਸਣਯੋਗ ਹੈ ਕਿ ਫ਼ਿਲਮ ਦਾ ਪ੍ਰੋਮੋ ਰਲੀਜ਼ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵੱਲੋਂ ਫ਼ਿਲਮ ਦੀ ਸ਼ਲਾਘਾ ਹੋ ਰਹੀ ਹੈ। ਇਹ ਫ਼ਿਲਮ ਸ੍ਰੀ ਆਨੰਦਪੁਰ ਸਾਹਿਬ,ਅੰਮ੍ਰਿਤਸਰ ਨਜ਼ਦੀਕ ਮਹਿਤਾ,ਮੋਗੇ ਦੇ ਪਿੰਡ ਰੋਡੇ ਤੇ ਮੋਹਾਲੀ ਜ਼ਿਲ਼੍ਹੇ 'ਚ ਫ਼ਿਲਮਾਈ ਗਈ ਹੈ।ਫ਼ਿਲਮ 'ਚ ਅਹਿਮ ਅਦਾਕਾਰਾਂ ਵਜੋਂ ਰਾਜ ਕਾਕੜਾ,ਕਰਮਜੀਤ ਸਿੰਘ ਬਾਠ,ਨੀਤੂ ਪੰਧੇਰ ਤੇ ਸੁੱਖੂ ਰਾਣਾ ਆਦਿ ਨੇ ਭੂਮਿਕਾ ਨਿਭਾਈ ਹੈ।

Film Review । ਬੰਬੂਕਾਟ

Written By Just Punjabi on Monday, August 1, 2016 | 1:30 PM

ਦੀਪ ਜਗਦੀਪ ਸਿੰਘ
ਰੇਟਿੰਗ 3.5/5
ਬੰਬੂਕਾਟ ਜੜ੍ਹਾਂ ਚੇਤੇ ਕਰਾਉਣ ਵਾਲੀ ਫ਼ਿਲਮ ਹੈ। ਆਜ਼ਾਦੀ ਤੋਂ ਬਾਅਦ ਵਾਲੇ ਵਕਤ ਦੀ ਕਹਾਣੀ, ਬੰਬੂਕਾਟ ਨਾ ਸਿਰਫ਼ ਭਾਰਤੀ ਸਮਾਜ ਵਿਚ ਸਦੀਆਂ ਪੁਰਾਣੇ ਚਮੜੀ ਦੇ ਰੰਗ ਕਰਕੇ ਹੋਣ ਵਾਲੇ ਭੇਦਭਾਵ ਦੀ ਗੱਲ ਕਰਦੀ ਹੈ ਬਲਕਿ ਆਰਥਿਕ ਰੁਤਬੇ ਕਰਕੇ ਪਰਿਵਾਰਾਂ ਵਿਚ ਹੀ ਕੀਤੇ ਜਾਂਦੇ ਭੇਦਭਾਵ ਦੀ ਵੀ ਬਾਤ ਪਾਉਂਦੀ ਹੈ। ਇਹ ਪੰਜਾਬੀਆਂ ਦੀ ਸਿਰਜਣਸ਼ੀਲਤਾ ਅਤੇ ਕਦੇ ਨਾ ਹਾਰਨ ਵਾਲੀ ਸਿਦਕਦਿਲੀ ਦਾ ਪੇਸ਼ਕਾਰੀ ਵੀ ਕਰਦੀ ਹੈ।


ਲੰਮੇ ਅਰਸੇ ਬਾਅਦ ਕੋਈ ਪੰਜਾਬੀ ਫ਼ਿਲਮ ਲੇਖਕ ਅਜਿਹੀ ਕਹਾਣੀ ਲਿਆਇਆ ਹੈ ਜੋ ਤਾਜ਼ੀ ਅਤੇ ਪੰਜਾਬੀਅਤ ਦੇ ਰੰਗ ਵਿਚ ਰੰਗੀ ਲੱਗਦੀ ਹੈ। ਇਹ ਫ਼ਿਲਮ ਸਾਫ਼ ਤੌਰ ’ਤੇ ਆਪਣੇ ਮਿੱਥੇ ਹੋਏ ਦਰਸ਼ਕ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਅਖ਼ੀਰ ਤੱਕ ਇਸ ਨਿਸ਼ਾਨਦੇਹੀ ’ਤੇ ਨਿੱਭਦੀ ਹੈ। ਇਹ ਫ਼ਿਲਮ ਇਕ ਵਾਰ ਫੇਰ ਸਾਬਤ ਕਰਦੀ ਹੈ ਕਿ ਪੰਜਾਬੀ ਫ਼ਿਲਮਾਂ ਦਾ ਬਾਜ਼ਾਰ ਪੇਂਡੂ ਦਰਸ਼ਕ ਦਾ ਬਾਜ਼ਾਰ ਹੈ ਅਤੇ ਜੇ ਫ਼ਿਲਮਕਾਰ ਉਸਨੂੰ ਟਿਕਟ ਖਿੜਕੀ ’ਤੇ ਖਿੱਚ ਕੇ ਲਿਆ ਸਕਦੇ ਹਨ ਤਾਂ ਕਮਾਲ ਕਰ ਸਕਦੇ ਹਨ। ਇਸ ਵਾਸਤੇ ਅਜਿਹੀ ਗੁੰਦੀ ਹੋਈ ਕਹਾਣੀ ਦੀ ਲੋੜ ਪਵੇਗੀ ਜੋ ਅਸਲੀਅਤ ਦੇ ਨੇੜੇ ਅਤੇ ਮਿੱਟੀ ਨਾਲ ਜੁੜੀ ਲੱਗੇ।
1960ਵਿਆਂ ਵਿਚ ਦਰਸਾਈ ਗਈ ਬੰਬੂਕਾਟ ਚੰਨਣ ਸਿੰਘ (ਐਮੀ ਵਿਰਕ) ਦੀ ਸਾਧਾਰਨ ਜਿਹੀ ਕਹਾਣੀ ਹੈ, ਜੋ ਇਕ ਕਿਸਾਨੀ ਪਰਿਵਾਰ ਦਾ ਨਿਕੰਮਾਂ ਪੁੱਤਰ ਹੈ, ਪਰ ਉਸਨੂੰ ਮਸ਼ੀਨਾ ਦਾ ਬਾਹਲਾ ਚਸਕਾ ਹੈ। ਉਸਦਾ ਵੱਡਾ ਭਰਾ (ਹਾਰਪ ਫ਼ਾਰਮਰ) ਅਤੇ ਮਾਂ (ਅਨੀਤਾ ਦੇਵਗਨ) ਅਣਮੰਨੇ ਮਨ ਨਾਲ ਉਸ ਦੀ ਮਸ਼ੀਨਾਂ ਬਾਰੇ ਦਿਲਚਸਪੀ ਉੱਤੇ ਭਰੋਸਾ ਰੱਖਦੇ ਹਨ ਪਰ ਉਸਦਾ ਅੜਬ ਬਾਪ (ਮਲਕੀਤ ਰੌਣੀ) ਇਸ ਨੂੰ ਵਿਹਲਿਆਂ ਦੀ ਟੱਕਰਾਂ ਹੀ ਸਮਝਦਾ ਹੈ। ਇਸ ਕਰਕੇ ਨਿਕੰਮੇ ਪੁੱਤ ਨੂੰ ਪੱਕੇ ਰੰਗਾ ਵਾਲੀ ਪਰਮਿੰਦਰ ਕੌਰ ਉਰਫ਼ ਪੱਕੋ (ਸਿੰਮੀ ਚਾਹਲ) ਦਾ ਹੀ ਸਾਕ ਜੁੜਦਾ ਹੈ, ਜਿਸ ਨਾਲ ਉਹ ਪਹਿਲੀ ਨਜ਼ਰੇ ਹੀ ਪਿਆਰ ਕਰ ਬੈਠਦਾ ਹੈ। ਇੱਕ ਪਾਸੇ ਪੱਕੋ ਦਾ ਸਾਂਵਲਾ ਸੁਹੱਪਣ ਅਤੇ ਸਾਦਗੀ ਉਸ ਦੀ ਜ਼ਿੰਦਗੀ ਵਿਚ ਰੋਮਾਂਚ ਭਰ ਦਿੰਦੇ ਹਨ, ਦੂਜੇ ਪਾਸੇ ਚੰਨਣ ਦਾ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ ਬਚਪਰ ਤੋਂ ਤਾਅਨੇ ਸੁਣਦੀ ਰਹੀ ਪੱਕੋ ਨੂੰ ਵੀ ਹੈਰਾਨ ਕਰ ਦਿੰਦਾ ਹੈ ਕਿ ਚੰਨਣ ਨਾ ਸਿਰਫ਼ ਉਸਨੂੰ ਪਿਆਰ ਕਰਦਾ ਹੈ ਬਲਕਿ ਉਹ ਜਿਹੋ ਜਿਹੀ ਵੀ ਹੈ ਉਸਨੂੰ ਉਵੇਂ ਹੀ ਪਸੰਦ ਕਰਦਾ ਹੈ। ਕਹਾਣੀ ਉਸ ਵੇਲੇ ਤਿੱਖਾ ਮੋੜ ਕੱਟਦੀ ਹੈ ਜਦੋਂ ਚੰਨਣ ਪਹਿਲੀ ਵਾਰ ਪੱਕੋ ਦੇ ਨਾਲ ਸਾਇਕਲ ’ਤੇ ਸਵਾਰ ਹੋ ਕੇ ਆਪਣੇ ਸਹੁਰਿਆਂ ਦੇ ਪਿੰਡ ਜਾਂਦਾ ਹੈ, ਜਿੱਥੇ ਉਨ੍ਹਾਂ ਦੀ ਮੁਲਾਕਾਤ ਪੱਕੋ ਦੀ ਭੈਣ ਸਿੰਮੀ (ਸ਼ੀਤਲ ਠਾਕੁਰ) ਦੇ ਘਰਵਾਲੇ ਅਤੇ ਚੰਂਨਣ ਦੇ ਸਾਂਢੂ ਰੇਸ਼ਮ ਸਿੰਘ (ਬਿੰਨੂ ਢਿੱਲੋਂ) ਨਾਲ ਹੁੰਦੀ ਹੈ। ਰੇਸ਼ਮ ਰੇਲ ਮਹਿਕਮੇ ਵਿਚ ਸਟੇਸ਼ਨ ਮਾਸਟਰ ਲੱਗਿਆ ਹੈ ਅਤੇ ਸ਼ਹਿਰ ਠਾਠ-ਬਾਠ ਨਾਲ ਰਹਿੰਦਾ ਹੈ, ਜੋ ਲਾਲ ਰੰਗ ਦੇ ਬੰਬੂਕਾਟ (ਯਜਦੀ ਮੋਟਰ ਸਾਇਕਲ) ਉੱਤੇ ਚੌੜਾ ਹੋ ਕੇ ਸਹੁਰੇ ਆਉਂਦਾ ਹੈ ਅਤੇ ਹਰੇਕ ਨੂੰ ਟਿੱਚ ਸਮਝਦਾ ਹੈ। ਸਹੁਰੇ ਘਰ ਉਸਦੀ ਉਚੇਚੀ ਖ਼ਾਤਰਦਾਰੀ ਹੁੰਦੀ ਹੈ ਜਦਕਿ ਪੱਕੋ ਜਿਸਨੂੰ ਪਹਿਲਾਂ ਰੰਗ ਕਰਕੇ ਮਹਿਣੇ ਸੁਣਨੇ ਪੈਂਦੇ ਸਨ, ਹੁਣ ਉਸਦੇ ਘਰਵਾਲੇ ਨੂੰ ‘ਨੀਵੇਂ’ ਆਰਥਿਕ ਰੁਤਬੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਦਾ ਸੱਲ ਪੱਕੋ ਨੂੰ ਬੜਾ ਡੂੰਘਾ ਲੱਗਦਾ ਹੈ। ਪੱਕੋ ਦੇ ਕਹਿਣ ’ਤੇ ਭਾਵੁਕਤਾ ਵੱਸ ਚੰਨਣ ਕੁਝ ਅਜਿਹੇ ਕਦਮ ਚੁੱਕ ਲੈਂਦਾ ਹੈ ਉਸ ਰੁਤਬਾ ਅਤੇ ਸ਼ਾਨ ਤਾਂ ਕੀ ਵੱਧਣੀ ਸੀ, ਉਸ ਨੂੰ ਸਹੁਰਿਆਂ, ਪਰਿਵਾਰ ਅਤੇ ਸਮਾਜ ਸਾਹਮਣੇ ਸ਼ਰਮਿੰਦਾ ਹੋਣ ਦੇ ਨਾਲ-ਨਾਲ ਕੈਦ ਵੀ ਬੋਲ ਜਾਂਦੀ ਹੈ। ਕਿਵੇਂ ਚੰਨਣ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਕੇ ਉੱਚਾ ਰੁਤਬਾ ਹਾਸਲ ਕਰਦਾ ਹੈ? ਕਿਵੇਂ ਮਸ਼ੀਨਾਂ ਨਾਲ ਉਸਦਾ ਇਸ਼ਕ ਉਸਦਾ ਹੁਨਰ ਸਾਬਤ ਕਰਨ ਵਿਚ ਉਸਦੀ ਮਦਦ ਕਰਦਾ ਹੈ, ਬੰਬੂਕਾਟ ਦਾ ਕਹਾਣੀ ਦਾ ਧੁਰਾ ਇਹੀ ਹੈ।


ਫ਼ਰਾਰ ਅਤੇ ਜੱਟ ਜੇਮਜ਼ ਬੌਂਡ ਵਰਗੀਆਂ ਫ਼ਿਲਮਾਂ ਲਿਖਣ ਤੋਂ ਬਾਅਦ ਆਖ਼ਰ ਜੱਸ ਗਰੇਵਾਲ ਆਪਣੀ ਜੜ੍ਹਾਂ ਲੱਭਣ ਵੱਲ ਮੁੜ ਗਿਆ ਹੈ ਅਤੇ ਉਸਨੇ ਬੰਬੂਕਾਟ ਵਰਗੀ ਪੰਜਾਬੀਅਤ ਨਾਲ ਲਬਰੇਜ਼ ਕਹਾਣੀ ਲਿਖੀ ਹੈ। ਉਸਨੇ ਰਿਸ਼ਤਿਆਂ ਵਿਚਲੇ ਪੰਜਾਬੀ ਸਭਿਆਚਾਰ ਦੀਆਂ ਬਾਰੀਕੀਆਂ ਫੜ੍ਹੀਆਂ ਹਨ ਅਤੇ ਕਿਰਦਾਰਾਂ ਦੇ ਸੁਭਾਅ ਅਤੇ ਹਾਵ-ਭਾਵ ਹੂਬਹੂ ਚਿੱਤਰੇ ਹਨ। ਨੌਟੀ ਜੱਟਸ, ਗੋਰਿਆਂ ਨੂੰ ਦਫ਼ਾ ਕਰੋ ਅਤੇ ਦਿਲਦਾਰੀਆਂ ਵਰਗੀਆਂ ਚਲਤਾਊ ਫ਼ਿਲਮਾਂ ਬਣਾਉਣ ਤੋਂ ਬਾਅਦ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਫ਼ਿਲਮਕਾਰੀ ਦਾ ਅਸਲ ਅੰਦਾਜ਼ ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਚੰਨੋ ਕਮਲੀ ਯਾਰ ਦੀ ਰਾਹੀਂ ਪਹਿਲੀ ਵਾਰ ਪਰਦੇ ’ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਪੰਜ ਮਹੀਨਿਆਂ ਬਾਅਦ ਰਿਲੀਜ਼ ਹੋਈ ਫ਼ਿਲਮ ਬੰਬੂਕਾਟ ਵਿਚ ਉਸਨੇ ਆਪਣੇ ਕਾਬਲੀਅਤ ਦਾ ਪੂਰਾ ਇਸਤੇਮਾਲ ਪਹਿਲੀ ਵਾਰ ਕੀਤਾ ਹੈ, ਜੋ ਪਰਦੇ ਉੱਤੇ ਸਾਫ਼ ਨਜ਼ਰ ਆਉਂਦਾ ਹੈ। ਉਸਨੇ ਕਿਰਦਾਰਾਂ ਨੂੰ ਪਰਦੇ ਉੱਤੇ ਉਤਾਰਨ ਲੱਗਿਆਂ ਹਰ ਨਿੱਕੀ-ਨਿੱਕੀ ਗੱਲ ਦਾ ਧਿਆਨ ਰੱਖਿਆ ਹੈ ਅਤੇ ਅਸਲੀਅਤ ਦੇ ਨੇੜੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸੇ ਕਰਕੇ ਦਰਸ਼ਕ ਝੱਟ ਹੀ ਕਿਰਦਾਰਾਂ ਨਾਲ ਜੁੜ ਜਾਂਦਾ ਹੈ। ਜ਼ਿਆਦਾਤਰ ਪੰਜਾਬੀ ਫ਼ਿਲਮਾਂ ਆਪਣੀ ਪਟਕਥਾ ਕਰਕੇ ਸ਼ੁਰੂਆਤ ਵਿਚ ਹੀ ਝੱਪ ਖਾ ਜਾਂਦੀਆਂ ਹਨ ਪਰ ਜੱਸ ਗਰੇਵਾਲ ਦੀ ਬੰਬੂਕਾਟ ਦੀ ਪਟਕਥਾ ਵਗ਼ਦੇ ਦਰਿਆ ਵਾਂਗ ਵਹਿੰਦੀ ਤੁਰੀ ਜਾਂਦੀ ਹੈ ਅਤੇ ਦਰਸ਼ਕਾਂ ਦੀਆਂ ਤਾੜੀਆਂ ਦੇ ਸਮੁੰਦਰ ਵਿਚ ਰਲ਼ ਜਾਂਦੀ ਹੈ। ਗਰੇਵਾਲ ਵੱਲੋਂ ਜਤਿੰਦਰ ਲਾਲ ਨਾਲ ਸਾਂਝੇ ਤੌਰ ’ਤੇ ਲਿਖੇ ਸੰਵਾਦ ਇਸ ਨੂੰ ਹੋਰ ਵੀ ਪੀਢਾ ਕਰਦੇ ਹਨ। ਇਸ ਤੋਂ ਬਾਅਦ ਜੱਸ ਗਰੇਵਾਲ ਸਥਾਪਤ ਫ਼ਿਲਮ ਲੇਖਕ ਵੱਜੋਂ ਜਾਣਿਆ ਜਾਵੇਗਾ।
ਬੰਬੂਕਾਟ ਦੇ ਨਾਲ ਨਾ ਸਿਰਫ਼ ਪੰਜਾਬੀ ਸਿਨੇਮਾ ਟਿਕਟ ਖਿੜਕੀ ਉੱਤੇ ਵੱਡਾ ਫ਼ੇਰ ਬਦਲ ਦੇਖ ਰਹੀ ਹੈ ਬਲਕਿ ਇਕ ਨਵੇਂ ਸਿਤਾਰੇ, ਐਮੀ ਵਿਰਕ ਦੀ ਆਮਦ ਦੀ ਨਿਸ਼ਾਨਦੇਹੀ ਵੀ ਕਰ ਰਹੀ ਹੈ। ਭਾਵੇਂ ਕਿ ਅਦਾਕਾਰੀ ਦੇ ਮਾਮਲੇ ਵਿਚ ਐਮੀ ਨੇ ਹਾਲੇ ਬਹੁਤ ਕੁਝ ਸਿੱਖਣਾ ਹੈ ਪਰ ਪਰਦੇ ਉੱਪਰ ਉਸਦੀ ਦਿੱਖ ਉਸਨੂੰ ਵੱਡੀਆਂ ਸੰਭਾਵਨਾਵਾਂ ਦੀ ਸ਼ਾਹਦੀ ਭਰਦੀ ਹੈ। ਦੋ ਫ਼ਿਲਮਾਂ ਅੰਗਰੇਜ ਅਤੇ ਅਰਦਾਰ ਵਿਚ ਸਹਾਇਕ ਭੂਮਿਕਾਵਾਂ ਰਾਹੀਂ ਰਿਹਰਸਲ ਕਰਨ ਤੋਂ ਬਾਅਦ ਐਮੀ ਪੂਰੇ ਆਤਮ-ਵਿਸ਼ਵਾਸ ਨਾਲ ਬੰਬੂਕਾਟ ਨਾਲ ਲੀਡ ਰੋਲ ਵਿਚ ਉਤਰਿਆ ਹੈ ਅਤੇ ਉਸਨੇ ਸਾਬਤ ਕੀਤਾ ਹੈ ਕਿ ਉਹ ਫ਼ਿਲਮ ਦਾ ਭਾਰ ਇੱਕਲਾ ਸਹਾਰ ਸਕਦਾ ਹੈ। ਬਿੰਨੂੰ ਢਿੱਲੋਂ ਨੂੰ ਇਕ ਵਾਰ ਫਿਰ ਆਪਣੀ ਮਜ਼ਾਕੀਆਂ ਛਵੀ ਤੋੜਨ ਦਾ ਮੌਕਾ ਮਿਲਿਆ ਹੈ ਅਤੇ ਇਸ ਵਿਚ ਉਹ ਕਾਫ਼ੀ ਹੱਦ ਤੱਕ ਸਫ਼ਲ ਵੀ ਰਿਹਾ ਹੈ ਪਰ ਕਈ ਥਾਵਾਂ ’ਤੇ ਉਹ ਸਹਿਜਤਾ ਤੋਂ ਤਿਲਕ ਕੇ ਲਾਊਡਨੈੱਸ ਵੱਲ ਚਲਾ ਜਾਂਦਾ ਹੈ। ਸ਼ਹਿਰੀ ਘਮੰਡੀ ਅਫ਼ਸਰ ਦਾ ਕਿਰਦਾਰ ਉਸਨੇ ਸਹਿਜਤਾ ਨਾਲ ਸੰਭਾਲਿਆ ਹੈ ਪਰ ਜੇ ਕਿਤੇ ਉਹ ਕੁਝ ਥਾਵਾਂ ’ਤੇ ਆਪਣੇ ਚਿਹਰੇ ਅਤੇ ਸ਼ਰੀਰਕ ਹਾਵ-ਭਾਵਾਂ ਉੱਤੇ ਨਿਯੰਤਰਨ ਰੱਖ ਸਕਦਾ ਤਾਂ ਉਸਨੇ ਹੋਰ ਵੀ ਬਿਹਤਰ ਲੱਗਣਾ ਸੀ। ਪਹਿਲੀ ਵਾਰ ਪਰਦੇ ਉੱਤੇ ਉੱਤਰੀ ਸਿੰਮੀ ਚਾਹਲ ਵੀ ਅਸਲੀਅਤ ਦੇ ਨੇੜੇ ਲੱਗੀ ਅਤੇ ਉਸਦੀ ਪੱਕੇ ਰੰਗ ਵਾਲੀ ਸੁਹੱਪਣ ਭਰੀ ਛੋਟੀ ਜਿਹੀ ਭੂਮਿਕਾ ਗਹਿਰੀ ਅਸਰ ਛੱਡ ਗਈ। ਸ਼ੀਤਲ ਠਾਕੁਰ ਬੱਸ ਮੁਸਕੁਰਾਉਣ ਲਈ ਸੀ ਅਤੇ ਪਰਦੇ ਉੱਤੇ ਉਹ ਦਿਲਕਸ਼ ਲੱਗੀ। ਬਾਕੀ ਸਾਰੇ ਸਹਿਯੋਗੀ ਕਲਾਕਾਰ ਵੀ ਆਪੋ-ਆਪਣੀ ਥਾਂਵੇਂ ਠੀਕ ਲੱਗੇ।


ਸ਼ਬਾਨਾ ਖ਼ਾਨਮ ਨੇ ਆਰਟ ਡਾਇਰੈਕਸ਼ਨ ਰਾਹੀਂ ਲੱਗਭਗ ਅਸਲੀਅਤ ਦੇ ਨੇੜੇ ਵਾਲਾ ਜਿਹੋ-ਜਿਹਾ ਮਾਹੌਲ ਸਿਰਜਿਆ ਹੈ ਉਸ ਦੀ ਦਾਦ ਦੇਣੀ ਬਣਦੀ ਹੈ ਕਿਉਂਕਿ ਇਹ ਵਿਨੀਤ ਮਲਹੋਤਰਾ ਦੀ ਸਿਨੇਮੈਟੋਗ੍ਰਾਫ਼ੀ ਨੂੰ ਉਭਾਰਨ ਵਿਚ ਮਦਦ ਕਰਦਾ ਹੈ। ਮਨਮੀਤ ਬਿੰਦਰਾ ਦੀ ਵੇਸ਼-ਭੂਸ਼ਾ ਨੇ ਕਿਰਦਾਰਾਂ ਨੂੰ ਸੋਹਣੇ ਰੰਗ ਪ੍ਰਦਾਨ ਕੀਤੇ ਹਨ।
ਭਾਵੇਂ ਕਿ ਬੰਬੂਕਾਟ ਦੀ ਪਟਕਥਾ ਕਾਫ਼ੀ ਹੱਦ ਤੱਕ ਕੱਸੀ ਹੋਈ ਹੈ ਪਰ ਕੁਝ ਥਾਵਾਂ ’ਤੇ ਵੱਡੀਆਂ ਉਕਾਈਆਂ ਰਹਿ ਗਈਆਂ ਹਨ। ਇਹ ਠੀਕ ਐ ਕਿ ਚੰਨਣ ਸਿੰਘ ਪੂਰਾ ਮਹੀਨਾਂ ਜੇਲ੍ਹ ਅੰਦਰਲੇ ਕਾਰਖ਼ਾਨੇ ਵਿਚ ਪਰਦੇ ਉਹਲੇ ਬੰਬੂਕਾਟ ਬਣਾਉਂਦਾ ਰਿਹਾ, ਪਰ ਕੀ ਇਸ ਗੱਲ ’ਤੇ ਹੈਰਾਨੀ ਨਹੀਂ ਹੁੰਦੀ ਕਿ ਪੂਰਾ ਮਹੀਨਾਂ ਜੇਲ੍ਹਰ ਨੇ ਨਿਗਰਾਨੀ ਵਾਲਾ ਇਕ ਗੇੜਾ ਵੀ ਨਹੀਂ ਮਾਰਿਆ? ਕੈਦੀਆਂ ਨਾਲ ਭਰੀ ਹੋਈ ਪੂਰੀ ਬੈਰਕ ਵਿਚ ਚੰਨਣ ਸਿੰਘ ਆਪਣੇ ਬੰਬੂਕਾਟ ਦਾ ਖ਼ਾਕਾ ਬਣਾਉਂਦਾ ਰਿਹਾ ਅਤੇ ਨਾਲ ਰਹਿੰਦੇ ਕਿਸੇ ਇਕ ਵੀ ਕੈਦੀ  ਦਾ ਧਿਆਨ ਉਸ ਵੱਲ ਗਿਆ ਹੀ ਨਹੀਂ, ਇਹ ਭਲਾ ਕਿਵੇਂ ਹੋ ਸਕਦਾ ਹੈ? ਸਵਾਲ ਤਾਂ ਹੋਰ ਵੀ ਕਈ ਹਨ।
ਅੰਤ ਵਿਚ ਇਨ੍ਹਾਂ ਸਭ ਗੱਲਾਂ ਵੱਲ ਗੌਰ ਕਰਦਿਆਂ ਇਹੀ ਕਹਾਂਗਾ ਕਿ ਬੰਬੂਕਾਟ ਨੇ ਇਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਵਿਸ਼ਾ-ਵਸਤੂ ਜਾਂ ਕਹਾਣੀ ਹੀ ਸੱਭ ਤੋਂ ਉੱਪਰ ਹੈ। ਇਕ ਹੋਰ ਅਹਿਮ ਗੱਲ ਇਹ ਹੈ ਕਿ ਜੇ ਤੁਹਾਡੀ ਫ਼ਿਲਮ ਵਿਚ ਦਮ ਹੋਵੇਗਾ ਤਾਂ ਇਹ ਇਮਾਨਦਾਰੀ ਨਾਲ ਬਣਾਏ ਟਰੇਲਰ ਵਿਚ ਹੀ ਨਜ਼ਰ ਆ ਜਾਵੇਗਾ ਅਤੇ ਦਰਸ਼ਕਾਂ ਦੇ ਦਿਲ ਤੱਕ ਪਹੁੰਚੇਗਾ। ਇੱਥੇ ਕਹਾਣੀ ਹੀ ਅਸਲੀ ਨਾਇਕ ਹੈ ਅਤੇ ਸਹੀ ਤਰੀਕੇ ਨਾਲ ਪੇਸ਼ ਕੀਤੀ ਗਈ ਕਹਾਣੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਜ਼ਰੂਰ ਖਿੱਚ ਲਿਆਵੇਗੀ। ਬੰਬੂਕਾਟ ਨੂੰ ਬਣਦੇ ਨੇ ਸਾਢੇ ਤਿੰਨ ਤਾਰੇ।ਇਹ ਫ਼ਿਲਮ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਸਾਦਗੀ ਨਾਲ ਜਿਉਣ, ਦੂਜਿਆਂ ਨੂੰ ਦੇਖ ਕੇ ਆਪਣੀ ਚਾਦਰ ਤੋਂ ਬਾਹਰ ਨਾ ਜਾਣ, ਮਨ ਦੀ ਖ਼ੂਬਸੂਰਤੀ ਹੀ ਅਸਲੀ ਖ਼ੂਬਸੂਰਤੀ ਹੈ ਅਤੇ ਆਪਣੀ ਕਾਬਲੀਅਤ ਉੱਤੇ ਡਟੇ ਰਹਿਣ ਵਰਗੇ ਸੁਨੇਹੇ ਦੇ ਜਾਂਦੀ ਹੈ।

ਫ਼ਿਲਮ ਸਮੀਖਿਆ । ਸਰਦਾਰਜੀ 2

Written By Just Punjabi on Saturday, June 25, 2016 | 4:22 PM

ਦੀਪ ਜਗਦੀਪ ਸਿੰਘ
ਰੇਟਿੰਗ 1/5

ਸਭ ਤੋਂ ਪਹਿਲੀ ਗੱਲ ਸਰਦਾਰਜੀ 2 ਦਾ ਪਹਿਲੀ ਸਰਦਾਰਜੀ ਫ਼ਿਲਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਨਾ ਇਸ ਵਿਚ ਭੂਤ ਫੜ੍ਹਨ ਵਾਲਾ ਹੈ, ਨਾ ਬੋਤਲਾਂ ’ਚ ਬੰਦ ਹਾਸੋਹੀਣੇ ਭੂਤ ਹਨ, ਨਾ ਹੀ ਦਿਲਕਸ਼ ਭੂਤਨੀ ਹੈ ਅਤੇ ਨਾ ਹੀ ਭੂਤਾਂ ਨੂੰ ਫੜ੍ਹਨ ਦਾ ਪੰਗਾ ਹੈ।
 
ਇਸ ਵਾਰ ਜਗਜੀਤ ਸਿੰਘ ਉਰਫ਼ ਜੱਗੀ ਖੂਹ ਵਾਲਾ (ਦਿਲਜੀਤ ਦੁਸਾਂਝ) ਇਕ ਸਫ਼ਲ ਉੱਨਤ ਕਿਸਾਨ ਹੈ। ਕੁਦਰਤੀ ਤਰੀਕਿਆਂ ਨਾਲ ਖੇਤੀ ਕਰਨ ਕਰਕੇ ਉਸਨੇ ਕਈ ਸਨਮਾਨ ਜਿੱਤੇ ਅਤੇ ਮਖੌਲੀਆ ਸੁਭਾਅ ਦਾ ਦਿਸਣ ਵਾਲੇ ਜੱਗੀ ਦੇ ਕਾਬੂ ਨਾ ਆਉਣ ਵਾਲੇ ਗੁੱਸੇ ਤੋਂ ਸਾਰਾ ਪਿੰਡ ਜਾਣੂੰ ਹੈ। ਗੁੱਸੇ ’ਚ ਉਹ ਕਈ ਵਾਰ ਪੰਗੇ ਪਾ ਲੈਂਦਾ ਹੈ ਅਤੇ ਇਸ ਵਾਰ ਇਹੋ ਜਿਹਾ ਪੰਗਾ ਪੈ ਜਾਂਦਾ ਹੈ ਕਿ ਜੱਗੀ ਨੂੰ ਜਾਂ ਤਾਂ ਪਿੰਡ ਦੇ ਵਿਰੋਧੀ ਧੜੇ ਨੂੰ ਮੋਘੇ ਵਾਲੀ ਜ਼ਮੀਨ ਛੱਡਣੀ ਪਏਗੀ ਜਾਂ ਡੇਢ ਕਰੋੜ ਰੁਪਏ ਹਰਜਾਨਾ ਭਰਨਾ ਪਵੇਗਾ। ਬੱਸ ਫਿਰ ਆਪਣੀ ਜ਼ਮੀਨ ਅਤੇ ਆਪਣੇ ਪਿੰਡ ਨੂੰ ਬਚਾਉਣ ਲਈ ਡੇਢ ਕਰੋੜ ਦਾ ਇੰਤਜ਼ਾਮ ਕਰਨ ਵਾਸਤੇ ਜੱਗੀ ਆਸਟ੍ਰੇਲੀਆ ਦਾ ਜਹਾਜ਼ ਚੜ੍ਹ ਜਾਂਦਾ ਹੈ।
ਇਸ ਵਾਰ ਲੇਖਕ ਧੀਰਜ ਰਤਨ ਅਤੇ ਨਿਰਦੇਸ਼ਕ ਰੋਹਿਤ ਜੁਗਰਾਜ ਨੇ ਫ਼ਿਲਮ ਦੀਆਂ ਵਾਗਾਂ ਖੁੱਲ੍ਹੀਆਂ ਛੱਡੀ ਰੱਖੀਆਂ। ਵੈਸੇ ਸਰਦਾਰਜੀ 2 ਦੀ ਸਭ ਤੋਂ ਵਧੀਆ ਗੱਲ ਹੈ ਜੱਗੀ ਦੇ ਦੋ ਪਰਛਾਵੇਂ, ਇਕ ਗੁੱਸਾ ਦਾ ਅਤੇ ਇਕ ਨਿਮਰਤਾ ਦਾ, ਦੋਵੇਂ ਉਸ ਨੂੰ ਹਰ ਮੌਕੇ ਹੁੱਝਾਂ ਮਾਰਦੇ ਰਹਿੰਦੇ ਹਨ। ਕਿਸੇ ਪੰਜਾਬੀ ਫ਼ਿਲਮ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਜਿੱਥੇ ਦੋ ਮਨੋਭਾਵ ਕਿਰਦਾਰਾਂ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ। ਇਹ ਫ਼ਿਲਮ ਕੁਦਰਤੀ ਖੇਤੀ ਦੇ ਪੱਖ ਵਿਚ ਬਹੁਤ ਜ਼ਬਰਦਸਤ ਸੁਨੇਹਾ ਦਿੰਦੀ ਹੈ। ਭਾਵੇਂ ਕਿ ਹਲਕਾ ਜਿਹੇ ਤਰੀਕੇ ਨਾਲ ਹੀ ਸਹੀ ਪਰ ਸਰਦਾਰਜੀ 2 ਪੰਜਾਬ ਦੀ ਮੌਜੂਦਾ ਜ਼ਮੀਨੀ ਹਕੀਕਤ ਨੂੰ ਛੋਂਹਦੀ ਹੈ, ਜਿੱਥੇ ਖੇਤੀ ਪਾਣੀ ਦੀ ਘਾਟ ਨਾ ਜੂਝ ਰਹੀ ਹੈ ਅਤੇ ਪਾਣੀਆਂ ਪਿੱਛੇ ਪਿੰਡਾਂ ਦੇ ਧੜਿਆਂ ਵਿਚ ਲੜਾਈ-ਝਗੜੇ ਆਮ ਹੁੰਦੇ ਰਹਿੰਦੇ ਹਨ। ਨਾਲ ਹੀ ਇਸ ਫ਼ਿਲਮ ਵਿਚ ਕਿਸਾਨਾਂ ਨੂੰ ਔਖੇ ਹਾਲਾਤ ਦਾ ਸਾਹਮਾਣਾ ਪੰਜਾਬੀਆਂ ਦੇ ਚੜ੍ਹਦੀ ਕਲਾ ਵਾਲੀ ਦਿਲੇਰੀ ਨਾਲ ਕਰਨ ਦਾ ਸੁਨੇਹਾ ਦਿੰਦੀ ਹੋਈ ਖੁਦਕੁਸ਼ੀਆਂ ਤੋਂ ਮੂੰਹ ਮੋੜਨ ਦਾ ਹੋਕਾ ਦਿੰਦੀ ਹੈ। ਇਹ ਪਹਿਲੀ ਫ਼ਿਲਮ ਹੈ ਜਿਸ ਵਿਚ ਜੱਟ ਕਿਸਾਨ ਵੀ ਹੈ ਤੇ ਖੇਤੀ ਵੀ ਕਰਦਾ ਹੈ।


ਸ਼ੁਰੂਆਤ ਤੋਂ ਹੀ ਕਹਾਣੀ ਦੀ ਪਕੜ ਢਿੱਲੀ ਹੈ ਅਤੇ ਆਪਣੇ ਨਾਲ ਜੋੜਨ ਵਿਚ ਸਫ਼ਲ ਨਹੀਂ ਹੁੰਦੀ। ਕਹਾਣੀ ਇਕ ਥਾਂ ਤੋਂ ਦੂਜੀ ਥਾਂ ਤੱਕ ਟੱਪੇ ਖਾਂਦੀ ਰਹਿੰਦੀ ਹੈ ਜਿਸਦਾ ਕੋਈ ਸਿਰਾ ਨਹੀਂ ਜੁੜਦਾ ਅਤੇ ਦਰਸ਼ਕ ਇਹ ਸੋਚਦਾ ਰਹਿੰਦਾ ਹੈ ਕਿ ਆਖ਼ਰ ਫ਼ਿਲਮ ਕਹਿਣਾ ਕੀ ਚਾਹੁੰਦੀ ਹੈ। ਜਦੋਂ ਦਿਲਜੀਤ ਆਈਸ ਕਰੀਮ ਵਾਲਾ ਟਰੱਕ ਲੈ ਕੇ ਅਚਾਨਕ ਅਣਜਾਣ ਸਫ਼ਰ ਤੇ ਤੁਰ ਪੈਂਦਾ ਹੈ, ਉਦੋਂ ਹੀ ਫ਼ਿਲਮ ਇਕ ਸਹੀ ਦਿਸ਼ਾ ਫੜ੍ਹਦੀ ਹੈ, ਇੱਥੋਂ ਇਹ ਇਕ ਸਫ਼ਰ ਦੀ ਨਾਟਕੀ ਕਹਾਣੀ ਬਣ ਜਾਂਦੀ ਹੈ, ਪਰ ਉਦੋਂ ਤੱਕ ਇੰਟਰਵਲ ਆ ਜਾਂਦਾ ਹੈ। ਇੰਟਰਵਲ ਤੋਂ ਬਾਅਦ ਸਰਦਾਰਜੀ, ਉਹਦਾ ਚੰਗਾ ਅਤੇ ਬੁਰਾ ਪਰਛਾਵਾਂ, ਉਸਦੇ ਨਾਲ ਦੀਆਂ ਸਵਾਰੀਆਂ ਸੋਨੀ (ਮੋਨੀਕਾ ਗਿੱਲ) ਅਤੇ ਦਿਲਜੋਤ (ਸੋਨਮ ਬਾਜਵਾ) ਦਰਸ਼ਕਾਂ ਨੂੰ ਹਸਾਉਣ ਲਈ ਪੂਰਾ ਟਿੱਲ ਪਾਉਂਦੇ ਹਨ, ਪਰ ਇਕ ਦੋ ਮੌਕਿਆਂ ਨੂੰ ਛੱਡ ਕੇ ਬਹੁਤਾ ਹਾਸਾ ਨਹੀਂ ਆਉਂਦਾ। ਕਿਰਦਾਰਾਂ ਦੀ ਕਾਮੇਡੀ ਦਾ ਤਾਲਮੇਲ ਤਾਂ ਦਰੁੱਸਤ ਹੈ, ਪਰ ਜਤਿੰਦਰ ਲਾਲ ਅਤੇ ਸੁਰਮੀਤ ਮਾਵੀ ਦੇ ਡਾਇਲੌਗ ਕੋਈ ਜਾਦੂ ਨਹੀਂ ਚਲਾਉਂਦੇ। ਬਾਰ-ਬਾਰ ਵੱਡੇ ਕੱਦੂ ਅਤੇ ਮੂਲੀ ਦਾ ਜ਼ਿਕਰ ਹੋਣ ਨਾਲ ਸਵਾਦ ਹੋਰ ਵੀ ਬਕਬਕਾ ਹੋ ਜਾਂਦੈ। ਜੱਗੀ ਜਦੋਂ ਹਰ ਨਿੱਕੀ-ਨਿੱਕੀ ਗੱਲ ਤੇ ਸੋਨੀ ਨੂੰ ਬਾਂਦਰੀ ਅਤੇ ਸੁੰਢੀ ਕਹਿੰਦਾ ਹੈ, ਉਸ ਤੇ ਵੀ ਹਾਸਾ ਆਉਣੋ ਹੱਟ ਜਾਂਦਾ ਹੈ। ਜਸਵਿੰਦਰ ਭੱਲੇ ਦਾ ਪੂਰਾ ਟਰੈਕ ਹੀ ਕਹਾਣੀ ਵਿਚ ਜ਼ਬਰਦਸਤੀ ਤੂਸਿਆ ਲੱਗਦਾ ਹੈ ਅਤੇ ਬਿਲਕੁਲ ਅੱਡ ਹੀ ਤੁਰਿਆ-ਫਿਰਦਾ ਹੈ।


ਧੀਰਜ ਰਤਨ ਨੇ ਅਜਿਹੀ ਜ਼ਮੀਨੀ ਕਹਾਣੀ ਲਿਖਣ ਦੀ ਕੋਸ਼ਿਸ ਕੀਤੀ ਹੈ ਜਿਸਦੇ ਬਹੁਤੇ ਕਿਰਦਾਰ ਸਾਡੇ ਆਲੇ-ਦੁਆਲੇ ਹੀ ਮਿਲਦੇ ਹਨ, ਪਰ ਸਕਰੀਨ ਉੱਤੇ ਇਹੀ ਕਹਾਣੀ ਬਿਲਕੁਲ ਬੇ-ਸਿਰ ਦੀ ਬਣ ਕੇ ਟੁਕੜਿਆਂ ਵਿਚ ਖਿੱਲਰੀ ਲੱਗਦੀ ਹੈ, ਜਿਸ ਦਾ ਕੋਈ ਸਿਰਾ ਆਪਸ ਵਿਚ ਜੁੜਦਾ ਹੀ ਨਹੀਂ। ਰੋਹਿਤ ਜੁਗਰਾਜ ਨੇ ਦਿਲਜੀਤ ਦੁਸਾਂਝ ਦੀ ਸ਼ੋਹਰਤ ਨੂੰ ਤਿੰਨ ਗੁਣਾ ਭੁੰਨਾਉਣ ਦੀ ਕੋਸ਼ਿਸ ਤਾਂ ਕੀਤੀ ਹੈ ਪਰ ਫ਼ਿਲਮੀ ਖੁੱਲ੍ਹ ਲੈਣ ਦੇ ਮਾਮਲੇ ਵਿਚ ਲੋੜ ਤੋਂ ਵੱਧ ਅਗਾਂਹ ਲੱਗ ਗਏ ਹਨ। ਅਖ਼ੀਰ ਤੇ ਆ ਕੇ ਫ਼ਿਲਮ ਭਾਸ਼ਨ ਦੇਣ ਲੱਗ ਜਾਂਦੀ ਹੈ ਅਤੇ ਇਕ ਝੱਟਕੇ ਨਾਲ ਮੁੱਕ ਜਾਂਦੀ ਹੈ। ਇਕ ਹੋਰ ਖ਼ਾਸੀਅਤ ਇਹ ਹੈ ਕਿ ਨਿਰਦੇਸ਼ਕ ਨੇ ਫ਼ਿਲਮ ਵਿਚਲਾ ਸਸਪੈਂਸ ਅਖੀਰ ਤੱਕ ਬਣਾ ਕੇ ਰੱਖਿਆ ਹੈ।


ਜੇ ਗੱਲ ਕਰੀਏ ਅਦਾਕਾਰੀ ਦੀ ਤਾਂ ਦਿਲਜੀਤ ਜੱਗੀ, ਅੱਥਰੇ ਅਤੇ ਸੁੱਥਰੇ ਦੇ ਤਿੰਨ ਵੱਖੋ-ਵੱਖਰੇ ਰੂਪਾਂ ਵਿਚ ਨਜ਼ਰ ਆਇਆ ਹੈ, ਪਰ ਹਰ ਰੂਪ ਵਿਚ ਹੀ ਉਹ ਦਿਲਜੀਤ ਹੀ ਲੱਗਦਾ ਹੈ। ਸੁੱਥਰੇ ਦੇ ਰੂਪ ਵਿਚ ਉਸਨੇ ਮਰਹੂਮ ਰਾਗੀ ਜਗਾਧਰੀ ਵਾਲਿਆਂ ਦੀ ਨਕਲ ਕੀਤੀ ਹੈ, ਜਿਸ ਨਾਲ ਉਸਦਾ ਸਾਂਗ ਲਾਉਣ ਵਾਲਾ ਰੂਪ ਪਹਿਲੀ ਵਾਰ ਸਾਹਮਣੇ ਆਇਆ ਹੈ। ਦਿਲਜੀਤ ਦੇ ਪ੍ਰਸ਼ੰਸਕਾਂ ਲਈ ਉਸਦਾ ਇਹ ਰੂਪ ਹੈਰਾਨੀ ਵਾਲਾ ਹੋਵੇਗਾ, ਜਿਸਨੂੰ ਉਹ ਜ਼ਰੂਰ ਪਸੰਦ ਕਰ ਸਕਦੇ ਹਨ। ਨਕਲ ਕਰਦਿਆਂ ਦਿਲਜੀਤ ਬੋਲਣ ਦਾ ਅੰਦਾਜ਼ ਤਾਂ ਠੀਕ-ਠਾਕ ਅਪਣਾ ਲੈਂਦਾ ਹੈ ਪਰ ਤਿੰਨਾਂ ਰੂਪਾਂ ਵਿਚ ਉਸਦੇ ਹਾਵ-ਭਾਵ ਇਕੋ ਜਿਹੇ ਹੀ ਰਹਿੰਦੇ ਹਨ। ਜਸਵਿੰਦਰ ਭੱਲਾ ਇਕ ਵਾਰ ਫੇਰ ਨਿਰਾਸ਼ ਕਰਦਾ ਹੈ; ਉਸਦਾ ਲਾਹੌਰ-ਪਿਸ਼ੌਰ ਵਾਲਾ ਚੁਟਕਲਾ ਇਕ ਵੇਲੇ ਤੋਂ ਬਾਅਦ ਹਸਾਉਣ ਦੀ ਬਜਾਇ ਖਿਝਾਉਣ ਲੱਗ ਜਾਂਦਾ ਹੈ। ਦੇਵ ਸਿੰਘ ਗਿੱਲ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਉਹ ਸਾਊਥ ਦੇ ਨਹੀਂ ਪੰਜਾਬੀ ਸਿਨੇਮਾ ਵਿਚ ਕੰਮ ਕਰ ਰਿਹਾ ਹੈ। ਕਈ ਦ੍ਰਿਸ਼ਾਂ ਵਿਚ ਤਾਂ ਉਸਦੇ ਹਾਵ-ਭਾਵ ਅਤੇ ਸੰਵਾਦ ਹੀ ਆਪਸ ਵਿਚ ਮੇਲ ਨਹੀਂ ਖਾਂਦੇ। ਯਸ਼ਪਾਲ ਸ਼ਰਮਾ ਅਤੇ ਜਤਿੰਦਰ ਕੌਰ ਵਰਗੇ ਧੁਰੰਧਰ ਕਲਾਕਾਰਾਂ ਨੂੰ ਐਵੇਂ ਖੱਜਲ ਹੀ ਕੀਤਾ ਗਿਆ ਹੈ। ਅਦਾਕਾਰਾਂ ਵਿਚ ਮੋਨਿਕ ਗਿੱਲ ਨੂੰ ਸਕਰੀਨ ਤੇ ਆਉਣ ਦਾ ਕਾਫ਼ੀ ਮੌਕਾ ਮਿਲਿਆ ਹੈ ਪਰ ਆਪਣੇ ਰੰਗ-ਬਿਰੰਗਿਆਂ ਕੱਪੜਿਆਂ ਦਾ ਫੈਸ਼ਨ ਸ਼ੋਅ ਦਿਖਾਉਣ ਤੋਂ ਇਲਾਵਾ ਪੂਰੀ ਫ਼ਿਲਮ ਵਿਚ ਉਹ ਇਕੋ-ਜਿਹਾ ਹਾਵ-ਭਾਵ ਚਿਹਰੇ ਤੇ ਲੈ ਕੇ ਘੁੰਮਦੀ ਰਹਿੰਦੀ ਹੈ। ਉਸ ਤੋਂ ਛੋਟੀ ਭੂਮਿਕਾ ਵਿਚ ਸੋਨਮ ਬਾਜਵਾ ਪਰਦੇ ਤੇ ਸੋਹਣੀ ਤਾਂ ਲੱਗੀ ਹੈ ਪਰ ਉਸਨੂੰ ਵੀ ਹਾਲੇ ਆਪਣੀ ਅਦਾਕਾਰੀ ਵਿਚ ਨਿਖਾਰ ਲਿਆਉਣਾ ਪਵੇਗਾ।


ਭਾਵੇਂ ਕਿ ਫ਼ਿਲਮ ਦੇ ਗੀਤ ਪਹਿਲਾਂ ਹੀ  ਕਾਫ਼ੀ ਪਸੰਦ ਕੀਤੇ ਜਾ ਰਹੇ ਹਨ ਪਰ ਪਰਦੇ ਤੇ ਇਹ ਰੁਕਾਵਟ ਬਣ ਕੇ ਹੀ ਆਉਂਦੇ ਹਨ ਅਤੇ ਪਹਿਲਾਂ ਤੋਂ ਲੰਮੀ ਪਟਕਥਾ ਨੂੰ ਹੋਰ ਲਮਕਾ ਦਿੰਦੇ ਹਨ। ਸੰਦੀਪ ਪਾਟਿਲ ਨੇ ਆਪਣੇ ਕੈਮਰੇ ਨਾਲ ਪੰਜਾਬ ਅਤੇ ਆਸਟ੍ਰੇਲੀਆ ਦੀ ਪਿੰਡਾਂ ਅਤੇ ਖ਼ੂਬਸੂਰਤੀ ਨੂੰ ਬੜੇ ਹੀ ਦਿਲਕਸ਼ ਅੰਦਾਜ਼ ਵਿਚ ਪਰਦੇ ਤੇ ਉਤਾਰਿਆਂ ਹੈ, ਜਿਨ੍ਹਾਂ ਨੂੰ ਦੇਖ ਕੇ ਸਕੂਨ ਮਿਲਦਾ ਹੈ।ਬੈਕਗ੍ਰਾਉਂਡ ਸਕੋਰ ਠੀਕ-ਠਾਕ ਹੈ। ਜੇ ਐਡਿਟਿੰਗ ਥੋੜ੍ਹੀ ਕੱਸਵੀਂ ਹੁੰਦੀ ਤਾਂ ਫ਼ਿਲਮ ਘੱਟੋ-ਘੱਟ ਅੱਧਾ ਘੰਟਾ ਛੋਟੀ ਹੋ ਸਕਦੀ ਸੀ।ਆਖ਼ਰ ਵਿਚ ਇਹੀ  ਕਹਾਂਗਾ ਕਿ ਸਰਦਾਰਜੀ 2 ਪਹਿਲਾਂ ਵਾਲੀ ਸਰਦਾਰ ਜੀ ਤੋਂ ਬਹੁਤ ਥੱਲੇ ਚਲੀ ਗਈ ਹੈ। ਜ਼ਮੀਨੀ ਸੱਚਾਈ ਦਿਖਾਉੇਣ ਦੀ ਕੋਸ਼ਿਸ ਕਰਨ ਲਈ ਫ਼ਿਲਮ ਨੂੰ 1 ਸਟਾਰ ਦਿੱਤਾ ਜਾ ਸਕਦਾ ਹੈ।

ਫ਼ਿਲਮ ਸਮੀਖਿਆ । ਸਾਡੇ ਸੀਐਮ ਸਾਹਬ

Written By Just Punjabi on Monday, May 30, 2016 | 2:18 PM

ਯੁੱਧਵੀਰ ਸਿੰਘ (ਹਰਭਜਨ ਮਾਨ) ਉਸ ਇਮਾਨਦਾਰ ਸਿਆਸੀ ਸਮਾਜ ਸੇਵਕ ਦਾ ਬੇਟਾ ਹੈ ਜੋ ਆਪਣੇ ਅਸੂਲਾਂ ਦੀ ਰਾਜਨੀਤੀ ਲਈ ਜੀਵਿਆ ਅਤੇ ਮਰਿਆ। ਬਾਪ ਦੀ ਲੋਕਪੱਖੀ ਰਾਜਨੀਤੀ ਦਾ ਫੱਟ ਖਾ ਚੁੱਕਾ ਬਾਗ਼ੀ ਤਬੀਅਤ ਯੁੱਧਵੀਰ ਆਪਣੇ ਬਚਪਨ ਦੇ ਦੋਸਤਾਂ ਇੰਦਰ (ਰਾਹੁਲ ਸਿੰਘ) ਅਤੇ ਡਿੰਪੀ (ਗੁਰਪ੍ਰੀਤ ਘੁੱਗੀ) ਦੇ ਸਹਿਯੋਗ ਨਾਲ ਤਿਕੜਮਬਾਜ਼ੀ ਵਾਲਾ ਰਾਹ ਫੜ ਕੇ ਮੁੱਖ-ਮੰਤਰੀ ਦੀ ਕੁਰਸੀ ’ਤੇ ਪਹੁੰਚਣ ਦਾ ਦਾਅ ਖੇਡਦਾ ਹੈ।
 
ਚੋਣਾਂ ਤੋਂ ਐਨ ਪਹਿਲਾਂ ਅਚਾਨਕ ਪਾਰਟੀ ਦੇ ਵੱਡੇ ਆਗੂ ਦੀ ਮੌਤ ਹੋ ਜਾਣ ਕਰਕੇ ਉਸਦਾ ਵਿਗੜਿਆ ਹੋਇਆ ਪੁੱਤਰ ਦਰਮਨਜੀਤ ਸਿੰਘ (ਦੇਵ ਸਿੰਘ ਗਿੱਲ) ਆਪਣੇ ਪਿਤਾ ਦੀ ਹਕੂਮਤ ’ਤੇ ਦਾਅਵੇਦਾਰੀ ਠੋਕਦਾ ਹੈ, ਪਰ ਪਾਰਟੀ ਮੀਟਿੰਗ ਵਿਚ ਪ੍ਰਮੁੱਖ ਅਹੁਦੇਦਾਰ ਪਰਿਵਾਰਵਾਦ ਦੀ ਰਾਜਨੀਤੀ ਦੇ ਖ਼ਿਲਾਫ਼ ਅਤੇ ਯੁੱਧਵੀਰ ਦੇ ਹੱਕ ਵਿਚ ਭੁਗਤ ਜਾਂਦੇ ਹਨ। ਪਾਰਟੀ ਵਿਚ ਭਾਰੀ ਸਮਰਥਨ ਅਤੇ ਆਮ ਲੋਕਾਂ ਵਿਚ ਹਰਮਨਪਿਆਰਾ ਹੋਣ ਕਰਕੇ ਯੁੱਧਵੀਰ ਦਾ ਮੁੱਖ-ਮੰਤਰੀ ਬਣਨਾ ਤੈਅ ਹੈ।ਜੱਦੀ-ਪੁਸ਼ਤੀ ਸੱਤਾ ਖੁੱਸਣ ਕਰਕੇ ਹਉਮੈ ’ਤੇ ਵੱਜੀ ਸੱਟ ਖਾ ਕੇ ਘਰਾਣੇ ਦੇ ਝੋਲੀਚੁੱਕ ਪਾਰਟੀ ਪ੍ਰਧਾਨ ਦੀ ਹੱਲਾਸ਼ੇਰੀ ਨਾਲ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਦਮਨ ਯੁੱਧਵੀਰ ਦਾ ਸਫ਼ਾਇਆ ਕਰਨ ਦਾ ਹੀਲਾ ਕਰਦਾ ਹੈ। ਖੁਸ਼ਕਿਸਮਤੀ ਨਾਲ ਗੋਲੀ ਯੁੱਧਵੀਰ ਦੀ ਬਾਂਹ ਨਾਲ ਖਹਿ ਕੇ ਲੰਘ ਜਾਂਦੀ ਹੈ ਅਤੇ ਉਸਦੀ ਜਾਨ ਬਚ ਜਾਂਦੀ ਹੈ, ਪਰ ਬਦਕਿਸਮਤੀ ਨਾਲ ਉਸਦੇ ਦਿਮਾਗ ਨੂੰ ਅਜਿਹਾ ਝੱਟਕਾ ਲੱਗਦੈ ਕਿ ਉਹ ਆਪਣੀ ਯਾਦਦਾਸ਼ਤ ਗੁਆ ਦਿੰਦੈ। ਹੁਣ ਉਹ ਆਪਣੀ ਜ਼ਿੰਦਗੀ ਦੇ ਸੱਤ ਸਾਲ ਪਹਿਲਾਂ ਵਾਲੇ ਉਸ ਮੋੜ ’ਤੇ ਆ ਕੇ ਖੜ੍ਹ ਗਿਆ ਹੈ ਜਦੋਂ ਉਸ ਦੇ ਪਿਤਾ ਨੇ ਸਿਆਸੀ ਦੂਸ਼ਣਬਾਜ਼ੀ ਤੋਂ ਤੰਗ ਆ ਕੇ ਉਸ ਦੀਆਂ ਅੱਖਾ ਮੂਹਰੇ ਖੁਦਕੁਸ਼ੀ ਕਰ ਲਈ ਸੀ ਅਤੇ ਉਹ ਸਿਆਸਤ ਨੂੰ ਨਫ਼ਰਤ ਕਰਨ ਲੱਗਾ ਸੀ। ਚੋਣ ਨਤੀਜੇ ਆਉਣ ਤੱਕ ਕਿਵੇਂ ਉਸਦੇ ਦੋਵੇਂ ਜਿਗਰੀ ਦੋਸਤ ਇਨ੍ਹਾਂ ਨਵੇਂ ਹਾਲਾਤ ਨਾਲ ਜੂਝਦੇ ਹਨ? ਕੀ ਦਮਨ ਯੁੱਧਵੀਰ ਨੂੰ ਢਿੱਬੀ ਲਾ ਕੇ ਆਪ ਮੁੱਖ-ਮੰਤਰੀ ਦੀ ਕੁਰਸੀ ’ਤੇ ਪਹੁੰਚਦਾ ਹੈ? ਇਹੀ ਕਹਾਣੀ ਦੀ ਮੁੱਖ ਬੁਝਾਰਤ ਹੈ। 

film review saadey cm saab harbhajan mann


ਬੇਸੁਆਦੀ ਕਾਮੇਡੀ ਭਰੇ ਰੁਮਾਂਸ, ਕੁਝ ਆਦਰਸ਼ਵਾਦੀ ਭਾਸ਼ਨਾਂ ਅਤੇ ਸਿਆਸੀ ਸ਼ਰੀਕੇਬਾਜ਼ੀ ਤੋਂ ਸ਼ੁਰੂ ਹੋ ਕੇ ਫ਼ਿਲਮ ਯੁੱਧਵੀਰ ਦੇ ਪਿੰਡ ਵਾਲੇ ਜੱਦੀ ਘਰ ਵਿਚ ਆ ਕੇ ਸਿਮਟ ਜਾਂਦੀ ਹੈ। ਸਿਆਸੀ ਥ੍ਰਿਲਰ ਵੱਜੋਂ ਪੇਸ਼ ਕੀਤੀ ਗਈ ਸਾਡੇ ਸੀਐਮ ਸਾਹਬ ਸਿਆਸਤ ਦੀਆਂ ਬਾਰੀਕੀਆਂ ਅਤੇ ਸੱਤਾ ਹਾਸਲ ਕਰਨ ਲਈ ਸਿਆਸਦਾਨਾਂ ਵੱਲੋਂ ਖੇਡੀਆਂ ਜਾਂਦੀਆਂ ਗੁੰਝਲਦਾਰ ਖੇਡਾਂ ਵਿਚ ਬਿਨ੍ਹਾਂ ਉਤਰੇ ਸਿੱਧੀ ਇਕੋ ਪਾਰਟੀ ਦੇ ਦੋ ਨੌਜਵਾਨ ਆਗੂਆਂ ਦੀ ਨਿੱਜੀ ਰੰਜਿਸ਼ ’ਤੇ ਆ ਕੇ ਟਿਕ ਜਾਂਦੀ ਹੈ। ਸਕਰੀਨ ਪਲੇਅ ਇੰਨਾ ਖਿੱਲਰਿਆ ਹੋਇਆ ਅਤੇ ਅਟਪਟਾ ਹੈ ਕਿ ਕਹਾਣੀ ਦਾ ਇਕ ਸਿਰਾ ਹੱਥ ਆਉਣ ਤੋਂ ਪਹਿਲਾਂ ਹੀ ਦੂਜੇ ਪਾਸੇ ਖਿਸਕ ਜਾਂਦਾ ਹੈ। ਪੂਰੀ ਦੁਨੀਆਂ ਦੀ ਸਿਆਸਤ ਖੱਬੀ, ਸੱਜੀ ਜਾਂ ਵਿਚਕਾਰਲੀ ਵਿਚਾਰਧਾਰਾ ’ਤੇ ਚੱਲਦੀ ਹੈ ਪਰ ਸਾਡੇ ਸੀਐਮ ਸਾਹਬ ਦੀ ਸਿਆਸਤ ਇਕ ਪਾਸੇ ਤਿੰਨ ਭੰਡਨੁਮਾਂ ਦੋਸਤਾਂ ਦੀਆਂ ਝੱਲ-ਵਲੱਲੀਆਂ ਨਾਲ ਈ ਚੱਲੀ ਜਾਂਦੀ ਐ ਤੇ ਦੂਜੇ ਪਾਸੇ ਜੱਦੀ-ਪੁਸ਼ਤੀ ਸੱਤਾ ਦੇ ਨਸ਼ੇ ਵਿਚ ਚੂਰ ਸਨਕੀ ਪੁੱਤਰ ਝੋਲੀਚੁੱਕ ਪਾਰਟੀ ਪ੍ਰਧਾਨ ਦੇ ਇਸ਼ਾਰੇ ’ਤੇ ਗੁੰਡਾਗਰਦੀ ਦੀ ਖੇਡ ਖੇਡੀ ਜਾਂਦਾ ਹੈ। ਇਸੇ ਕਰਕੇ ਸਾਡੇ ਸੀਐਮ ਸਾਹਬ ਇਕ ਦਿਸ਼ਾਹੀਣ ਫ਼ਿਲਮ ਬਣ ਜਾਂਦੀ ਹੈ। 

ਸੁਮੀਤ ਸਿੰਘ ਦੀ ਕਹਾਣੀ ਵਿਚ ਖੋਜ ਅਤੇ ਡੂੰਘਾਈ ਦੀ ਘਾਟ ਸਾਫ਼ ਰੜਕਦੀ ਹੈ ਅਤੇ ਪਟਕਥਾ ਕਈ ਮੌਕਿਆਂ ਤੇ ਆ ਕੇ ਝੱਪ ਖਾ ਜਾਂਦੀ ਹੈ। ਇੱਥੋਂ ਤੱਕ ਕਿ ਪ੍ਰਮੁੱਖ ਕਿਰਦਾਰਾਂ ਨੂੰ ਵੀ ਚੰਗੀ ਤਰ੍ਹਾਂ ਉਸਾਰਿਆ ਨਹੀਂ ਗਿਆ। ਜਿਸ ਤਰ੍ਹਾਂ ਫ਼ਿਲਮ ਦੀਆਂ ਪਰਤਾਂ ਪਰਦੇ ਉੱਪਰ ਖੁੱਲ੍ਹਦੀਆਂ ਹਨ ਇੰਝ ਲੱਗਦਾ ਹੈ ਕਿ ਨਿਰਦੇਸ਼ਕ ਵਿਪਨ ਪਰਾਸ਼ਰ ਦੇ ਹੱਥ ਵਿਚ ਫ਼ਿਲਮ ਦੀ ਡੋਰ ਘੁੱਟ ਕੇ ਫੜੀ ਹੋਈ ਹੀ ਨਹੀਂ ਸੀ। ਨਵੇਂ ਲੇਖਕ-ਨਿਰਦੇਸ਼ਕ ਦੀ ਜੋੜੀ ਨੂੰ ਸਲਾਹ ਈ ਦਿੱਤੀ ਜਾ ਸਕਦੀ ਐ ਬਈ ਸਿਆਸੀ ਫ਼ਿਲਮ ਬਣਾਉਣ ਤੋਂ ਪਹਿਲਾਂ ਉਹ ਘੱਟੋ-ਘੱਟ ਪ੍ਰਕਾਸ਼ ਝਾਅ ਦੀਆਂ ਹਿੰਦੀ ਫ਼ਿਲਮਾਂ ਦੇਖ ਲੈਣ। ਯਾਦਦਾਸ਼ਤ ਚਲੀ ਜਾਣ ਤੋਂ ਬਾਅਦ, ਯੁੱਧਵੀਰ ਵੱਲੋਂ ਅਣਜਾਣਪੁਣੇ ਵਿਚ ਪਿੰਡ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਹੁੰਦੀ ਖੱਜਲ-ਖੁਆਰੀ ਤੋਂ ਛੁਟਕਾਰਾ ਦਿਵਾਉਣ ਵਾਲੇ ਦ੍ਰਿਸ਼ ਹੀ ਕਿਤੇ ਜਾ ਕੇ ਥੋੜ੍ਹੀ ਬਹੁਤ ਰਾਹਤ ਦਿੰਦੇ ਹਨ। ਦੂਸਰੇ ਅੱਧ ਵਿਚ ਜਾ ਕੇ ਇਕ ਕਿਰਦਾਰ ਵੱਲੋਂ ਬੋਲਿਆ ‘ਦੁੱਧ ਬੀਅਰ ਦੀ ਬੋਤਲ ਵਿਚ ਈ ਲਿਆ ਦੋ, ਥੋੜ੍ਹੀ ਫੀਲਿੰਗ ਆ ਜਾਂਦੀ ਆ’ ਹਾਸਰਸ ਵਾਲਾ ਸੰਵਾਦ ਜਾ ਕੇ ਕਿਤੇ ਕੁਦਰਤੀ ਹਾਸਾ ਲਿਆਉਂਦਾ ਹੈ। ਫ਼ਿਲਮ ਵਿਚ ਤਿੰਨ-ਤਿੰਨ ਨਾਮੀ ਸੰਵਾਦ ਲੇਖਕ ਰਾਜੀਵ ਠਾਕੁਰ, ਬਲਰਾਜ ਸਿਆਲ ਅਤੇ ਸੁਰਮੀਤ ਮਾਵੀ ਦੇ ਹੋਣ ਦੇ ਬਾਵਜੂਦ ਨਾ ਫ਼ਿਲਮ ਵਿਚ ਕੋਈ ਨਿਵੇਕਲਾ ਹਾਸਰਸ ਹੈ, ਨਾ ਹੀ ਰੁਮਾਂਸ ਅਤੇ ਨਾ ਹੀ ਰੋਮਾਂਚ ਮਹਿਸੂਸ ਹੁੰਦਾ ਹੈ। 


ਹਰਭਜਨ ਮਾਨ ਹਮੇਸ਼ਾ ਦੀ ਤਰ੍ਹਾਂ ਪਰਦੇ ਉੱਤੇ ਪੂਰੀ ਤਰ੍ਹਾਂ ਜੱਚਦਾ ਹੈ ਪਰ ਬੱਸ ਉਦੋਂ ਤੱਕ ਜਦੋਂ ਤੱਕ ਚੁੱਪਚਾਪ ਰਹਿੰਦਾ ਹੈ। ਪੂਰੀ ਫ਼ਿਲਮ ਵਿਚ ਉਹ ਆਪਣੇ ਕਿਰਦਾਰ ਦੇ ਕਈ ਵੱਖਰੇ-ਵੱਖਰੇ ਰੂਪ ਬਦਲਦਾ ਹੈ ਪਰ ਹਰ ਕਿਰਦਾਰ ਵਿਚ ਉਸਦਾ ਚਿਹਰਾ ਉਹੋ-ਜਿਹਾ ਦਾ ਉਹੋ ਜਿਹਾ ਹੀ ਰਹਿੰਦਾ ਹੈ। ਯਾਦਦਾਸ਼ਤ ਚਲੀ ਜਾਣ ਤੋਂ ਬਾਅਦ ਤਾਂ ਉਹ ਬਿਲਕੁਲ ਹੀ ਢਿੱਲਾ ਜਿਹਾ ਪੈ ਜਾਂਦਾ ਹੈ। ਅਰਦਾਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਤੋਂ ਜੋ ਵੱਡੀਆਂ ਉਮੀਦਾਂ ਲੱਗੀਆਂ ਸਨ, ਉਹ ਵੀ ਪੂਰੀਆਂ ਨਹੀਂ ਹੁੰਦੀਆਂ। ਆਪਣੇ ਹਾਸਰਸੀ ਸੰਵਾਦਾਂ ਨਾਲ ਉਹ ਹਸਾਉਣ ਲਈ ਪੂਰਾ ਤਾਣ ਲਾਉਂਦਾ ਹੈ ਪਰ ਉਹੋ ਜਿਹਾ ਮਾਹੌਲ ਹੀ ਨਹੀਂ ਬਣਦਾ ਜਿਸ ਨਾਲ ਹਾਸਾ ਆਵੇ। ਬਾਲੀਵੁੱਡ ਅਦਾਕਾਰ ਰਾਹੁਲ ਸਿੰਘ ਬੱਸ ਦੋਸਤੀ ਵਾਲੀ ਖਾਨਾਪੂਰਤੀ ਕਰਦਾ ਹੀ ਨਜ਼ਰ ਆਉਂਦਾ ਹੈ। ਸਾਊਥ ਫ਼ਿਲਮਾਂ ਦਾ ਚਰਚਿਤ ਵਿਲਨ ਦੇਵ ਸਿੰਘ ਗਿੱਲ ਪਰਦੇ ’ਤੇ ਦਮਦਾਰ ਤਾਂ ਨਜ਼ਰ ਆਉਂਦਾ ਹੈ ਪਰ ਉਸਦੇ ਕਿਰਦਾਰ ਦੀ ਦਿਸ਼ਾਹੀਣ ਉਸਾਰੀ ਕਰਕੇ ਉਹ ਪੂਰੀ ਫ਼ਿਲਮ ਵਿਚ ਵੱਖਰਾ ਈ ਤੁਰਿਆ ਫਿਰਦਾ ਲੱਗਦਾ ਹੈ। ਉਸਦੀ ਪੰਜਾਬੀ ਸਵਾਦ ਹੋਰ ਵੀ ਖ਼ਰਾਬ ਕਰ ਦਿੰਦੀ ਹੈ। ਮਾਡਲ ਤੋਂ ਅਦਾਕਾਰ ਬਣੀ ਕਸਿਸ ਸਿੰਘ ਵੀ ਕੋਈ ਜਾਦੂ ਚਲਾਉਣ ਵਿਚ ਕਾਮਯਾਬ ਨਹੀਂ ਹੁੰਦੀ ਇਸ ਦਾ ਕਾਰਨ ਵੀ ਸ਼ਾਇਦ ਇਹੀ ਰਿਹਾ ਕਿ ਉਸਦੇ ਕਿਰਦਾਰ ਵੱਲ ਭੋਰਾ ਵੀ ਗੌਰ ਨਹੀਂ ਕੀਤਾ ਗਿਆ। ਬੱਸ ਇਕ ਗੀਤ ਵਿਚ ਉਸ ਦੇ ਬਿਨ੍ਹਾਂ ਮੌਢਿਆਂ ਵਾਲੇ ਕਪੜਿਆਂ ਉੱਪਰ ਹੀ ਸਾਰਾ ਜ਼ੋਰ ਲਾਇਆ ਗਿਆ ਹੈ, ਬਾਕੀ ਦ੍ਰਿਸ਼ਾਂ ਵਿਚ ਤਾਂ ਉਸਦੇ ਪਾਏ ਹੋਏ ਕਪੜੇ ਵੀ ਉਸਦੀ ਫਿਟਿੰਗ ਦੇ ਨਹੀਂ ਲੱਗਦੇ। ਉਹ ਬਜਾਜੀ ਦੀ ਦੁਕਾਨ ਮੂਹਰੇ ਰੱਖੇ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਲੱਗਦੀ। 

ਲੇਖਣੀ, ਅਦਾਕਾਰੀ ਅਤੇ ਨਿਰਦੇਸ਼ਨ ਦੀਆਂ ਰੜਕਾਂ ਤੋਂ ਇਲਾਵਾ ਫ਼ਿਲਮ ਇਸ ਵਿਚ ਕੀਤੀ ਗਈ ਬੇਹੂਦਾ ਬ੍ਰਾਂਡਿੰਗ ਲਈ ਵੀ ਚੇਤੇ ਰੱਖੀ ਜਾਵੇਗੀ। ਚਾਹ ਦੇ ਬ੍ਰਾਂਡ ਦੀ ਪਹਿਲੀ ਵਾਰ ਕੀਤੀ ਗਈ ਮਸ਼ਹੂਰੀ ਤਾਂ ਫਿਰ ਵੀ ਠੀਕ ਲੱਗਦੀ ਹੈ ਕਿਉਂਕਿ ਉਹ ਦ੍ਰਿਸ਼ ਦਾ ਹਿੱਸਾ ਲੱਗਦੀ ਹੈ, ਪਰ ਅਖੀਰ ਤੇ ਆ ਕੇ ਤਾਂ ਜਦੋਂ ਹੀਰੋਈਨ ਆ ਕੇ ਧੱਕੇ ਨਾਲ ਹੀ ਹੀਰੋ ਨੂੰ ਉਸ ਬ੍ਰਾਂਡ ਦੀ ਚਾਹ ਪਿਲਾਉਣ ਲੱਗ ਜਾਂਦੀ ਹੈ ਤਾਂ ਇਹ ਸੱਚਮੁੱਚ ਕਹਾਣੀ ਨਾਲ ਹੋਇਆ ਧੱਕਾ ਹੀ ਲੱਗਦਾ ਹੈ। ਸਾਬਣ ਦੀ ਮਸ਼ਹੂਰੀ ਵਾਲੀ ਤਾਂ ਹੱਦ ਈ ਕਰ ਦਿੱਤੀ ਗਈ ਹੈ। ਜਦੋਂ ਰੌਕ ਗਾਰਡਨ ਦੇ ਮਨਮੋਹਨੇ ਦ੍ਰਿਸ਼ ਵਿਚ ਹੀਰੋ-ਹੀਰੋਈਨ ਰੁਮਾਂਟਿਕ ਗੀਤ ਗਾ ਰਹੇ ਨੇ ਤੇ ਹੀਰੋਈਨ ਦੇ ਸਾਹਮਣੇ ਪੈਕਿੰਗ ਵਿਚੋਂ ਕੱਢ ਕੇ ਨਹਾਉਣ ਵਾਲਾ ਸਾਬਣ ਰੱਖਿਆ ਹੋਇਆ ਹੈ, ਇਹ ਦ੍ਰਿਸ਼ ਦੇਖ ਕੇ ਤਾਂ ਇਕ ਵਾਰ ਮੈਂ ਸੀਟ ਤੋਂ ਭੁੜਕ ਕੇ ਡਿੱਗਣ ਹੀ ਵਾਲਾ ਸੀ। ਮੈਨੂੰ ਹਾਲੇ ਤੱਕ ਸਮਝ ਨਹੀਂ ਆਈ ਕਿ ਕਿਹੜੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਜਾਣ ਵੇਲੇ ਰੌਕ ਗਾਰਡਰਨ ਵਰਗੀ ਥਾਂ ’ਤੇ ਨਹਾਉਣ ਵਾਲੇ ਸਾਬਣ ਦੀ ਚੱਕੀ ਨਾਲ ਲੈ ਕੇ ਜਾਂਦੀ ਹੈ। ਚਲੋ ਜੇ ਗਲਤੀ ਨਾਲ ਪਰਸ ਵਿਚ ਆ ਵੀ ਗਈ ਤਾਂ ਉਸ ਨੂੰ ਕੱਢ ਕੇ ਪਾਰਕ ਵਿਚ ਦਿਖਾਉਂਦੀ ਫਿਰਦੀ ਹੈ। ਉਹ ਵੀ ਉਦੋਂ ਜਦੋਂ ਉਸਨੇ ਕਪੜੇ ਵੀ ਅੱਧੇ ਕੁ ਹੋ ਪਾਏ ਹੋਣ। ਫ਼ਿਲਮ ਦੇ ਪ੍ਰਚਾਰ ਦੌਰਾਨ 25 ਮਿੰਟ ਦੇ ਸਪੈਸ਼ਲ ਇਫ਼ੈਕਟਸ ਨੂੰ ਫ਼ਿਲਮ ਦੇ ਵੱਡੀ ਖਿੱਚ ਵਜੋਂ ਪੇਸ਼ ਕੀਤਾ ਗਿਆ ਪਰ ਪੂਰੀ ਫ਼ਿਲਮ ਵਿਚ ਕੋਈ ਖ਼ਾਸ ਅਜਿਹਾ ਦ੍ਰਿਸ਼ ਦੇਖਣ ਨੂੰ ਨਹੀਂ ਮਿਲਿਆ ਜਿਸ ਵਿਚ ਕੁਝ ਵੱਖਰੀ ਕਿਸਮ ਦੇ ਸਪੈਸ਼ਲ ਇਫ਼ੈਕਟਸ ਪ੍ਰਭਾਵ ਪਾ ਰਹੇ ਹੋਣ। ਬੱਸ ਗੀਤ ‘ਮੇਰੇ ਵਿਚ ਤੇਰੀ’ ਵਿਚ ਜ਼ਰੂਰ ਲਗਾਤਾਰ ਫੁੱਲਾਂ ਦੀਆਂ ਗੁਲਾਬੀ ਪੱਤੀਆਂ ਉੱਡਦੀਆਂ ਨਜ਼ਰ ਆਈਆਂ, ਉਹ ਤਾਂ ਭਾਈ ਸਾਬਣ ਦੀ ਮਸ਼ਹੂਰੀ ਲਈ ਸਨ, ਫ਼ਿਲਮ ਦੀ ਕਹਾਣੀ ਵਾਸਤੇ ਥੋੜ੍ਹੀ। ਧੱਕੇ ਨਾਲ ਪਾਇਆ ਗਿਆ ਇਹ ਗੀਤ ਘੱਟ ਅਤੇ ਸਾਬਣ ਦੀ ਮਸ਼ਹੂਰੀ ਜ਼ਿਆਦਾ ਲੱਗਿਆ। ਬੈਕਗ੍ਰਾਉਂਡ ਸੰਗੀਤ ਤਾਂ ਬਿਲਕੁਲ ਹੀ ਅਜੀਬ ਬਣਾਇਆ ਗਿਆ। ਖ਼ਾਸ ਕਰ ਜਦੋਂ ਇੰਦਰ ਅਤੇ ਡਿੰਪੀ ਗੁੰਡਿਆਂ ਨਾਲ ਗਹਿਗੱਚ ਲੜਾਈ ਕਰ ਰਹੇ ਹਨ ਤਾਂ ਪਿੱਛੇ ਲਗਾਤਾਰ ਢੋਲ ਦਾ ਇਕ ਲੂਪ ਵੱਜ ਰਿਹਾ ਹੈ ਜੋ ਵਿਚ-ਵਿਚਾਲੇ ਕਿਤੋਂ ਵੀ ਸ਼ੁਰੂ ਹੋ ਜਾਂਦੈ ਅਤੇ ਕਿਤੇ ਵੀ ਮੁੱਕ ਜਾਂਦੈ। ਪੂਰੇ ਦ੍ਰਿਸ਼ ਵਿਚ ਮੈਂ ਤਾਂ ਇਹੀ ਸੋਚਦਾ ਰਿਹਾ ਕਿ ਖ਼ੂਨੀ ਲੜਾਈ ਦੇਖ ਕੇ ਦੰਦ ਕਰੀਚਾਂ ਜਾਂ ਉੱਠ ਕੇ ਢੋਲ ਦੀ ਬੀਟ ’ਤੇ ਭੰਗੜਾ ਪਾਉਣ ਲੱਗ ਜਾਵਾਂ। 


ਉਹ ਫ਼ਿਲਮ ਬਣਾਉਣ ਵਾਲਿਉ, ਸੱਜਣੋ, ਅਰਥਭਰਪੂਰ ਫ਼ਿਲਮਾਂ ਦੇ ਨਾਂ ਤੇ ਆਹ ਗਾਹ ਜਿਹਾ ਨਹੀਂ ਚਾਹੀਦਾ ਸਾਨੂੰ। ਜੇ ਚੰਗੀਆਂ ਫ਼ਿਲਮਾਂ ਬਣਾਉਣੀਆਂ ਨੇ ਤਾਂ ਕਹਾਣੀ ਕਹਿਣ ਦਾ ਹੁਨਰ ਸਮਝੋ ਅਤੇ ਤਰਾਸ਼ੋ, ਉਸ ਤੋਂ ਬਾਅਦ ਹੀ ਮਹਿੰਗੇ ਕਲਾਕਾਰਾਂ ਤੇ ਪੈਸਾ ਲਾਉ। 

ਜਿਨ੍ਹਾਂ ਨੇ ਫ਼ਿਲਮ ਸਮੀਖਿਆ ਵਿਚ ਫ਼ਿਲਮ ਨੂੰ ਨੰਬਰ ਦੇਣ ਦੀ ਰਿਵਾਇਤ ਚਲਾਈ ਉਨ੍ਹਾਂ ਮਹਾਨ ਫ਼ਿਲਮ ਸਮੀਖਿਅਕਾਂ ਦਾ ਮਾਣ ਰੱਖਦਿਆਂ ਇਸ ਫ਼ਿਲਮ ਨੂੰ ਇਕ ਨੰਬਰ ਦੇ ਰਿਹਾ ਹਾਂ, ਨਹੀਂ ਤਾਂ ਮੇਰਾ ਤਾਂ ਬੱਸ ਇਨ੍ਹਾਂ ਨੂੰ ਬੱਸ ਵਿਚ ਮਿਲਣ ਵਾਲੀ ਸੰਤਰੇ ਆਲੀ ਗੋਲੀ ਦੇਣ ਨੂੰ ਜੀ ਕਰਦਾ।

ਫ਼ਿਲਮ ਸਮੀਖਿਆ । ਜ਼ੋਰਾਵਰ

Written By Just Punjabi on Friday, May 6, 2016 | 8:06 PM

ਦੀਪ ਜਗਦੀਪ ਸਿੰਘ
ਰੇਟਿੰਗ ਡੇਢ ਤਾਰਾ/ਪੰਜ ਤਾਰਾ

ਜ਼ੋਰਾਵਰ ਇਕ ਹੋਰ ਪੰਜਾਬੀ ਫ਼ਿਲਮ ਬਣ ਗਈ ਹੈ ਜਿਹੜੀ ਸਿਤਾਰੇ ਦੀ ਸ਼ੌਹਰਤ ਦੀ ਭੇਂਟ ਚੜ੍ਹ ਗਈ ਹੈ, ਇਸ ਸਿਤਾਰੇ ਦਾ ਨਾਮ ਹੈ ਯੌ ਯੌ ਹਨੀ ਸਿੰਘ। ਦਿਲਜੀਤ ਦੀ ਅੰਬਸਰੀਆ ਤੋਂ ਬਾਅਦ 2016 ਵਿਚ ਰਿਲੀਜ਼ ਹੋਈ ਇਹ ਦੂਸਰੀ ਫ਼ਿਲਮ ਹੈ ਜਿਸਨੂੰ ਪੂਰੀ ਤਰ੍ਹਾਂ ਪਕਾਇਆ ਹੀ ਨਹੀਂ ਗਿਆ। ਇਸੇ ਕਰਕੇ ਸਾਲ ਦੀ ਸਭ ਤੋਂ ਵੱਧ ਉਤਸੁਕਤਾ ਨਾਲ ਉਡੀਕੀ ਜਾ ਰਹੀ ਐਕਸ਼ਨ ਅਤੇ ਥ੍ਰਿਲ ਭਰਪੂਰ ਦੱਸੀ ਜਾਂਦੀ ਇਹ ਫ਼ਿਲਮ ‘ਹਾਸੇ’ ਦਾ ਸਾਮਾਨ ਬਣ ਕੇ ਰਹਿ ਗਈ ਹੈ।
 
ਜ਼ੋਰਾਵਰ ਸਿੰਘ (ਯੋ ਯੋ ਹਨੀ ਸਿੰਘ) ਸੀਕਰੇਟ ਆਰਮੀ ਫੋਰਸ (ਐਸਏਐਫ਼) ਦਾ ਇਕ ਧੂੰਆਂਧਾਰ ਫੌਜੀ ਹੈ ਜੋ ’ਕੱਲਾ ਹੀ ਖ਼ਤਰਨਾਕ ਹਾਲਾਤ ਨਾਲ ਜੂਝ ਜਾਂਦਾ ਹੈ, ਇੱਥੋਂ ਤੱਕ ਕਿ ਉਹ ਆਪਣੇ ਫ਼ੌਜੀ ਅਫ਼ਸਰ ਦੇ ਹੁਕਮਾਂ ਦੀ ਪਰਵਾਹ ਵੀ ਨਹੀਂ ਕਰਦਾ। ਉਹ ਪੰਜਾਬ ਦੇ ਕਿਸੇ ਪਿੰਡ ਵਿਚ ਆਪਣੀ ਮਾਂ ਸ਼ੀਤਲ (ਅਚਿੰਤ ਕੌਰ) ਨਾਲ ਰਹਿੰਦਾ ਹੈ ਅਤੇ ਇਕ ਦਿਨ ਪਿੰਡ ਗਿਆਂ ਉਸਨੂੰ ਪਹਿਲੀ ਹੀ ਮੁਲਾਕਾਤ ਵਿਚ ਜਸਲੀਨ (ਪਾਰੁਲ ਗੁਲਾਟੀ) ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਦੋਵਾਂ ਦੀ ਪਿਆਰ ਦੀ ਗੱਡੀ ਅੱਗੇ ਰੁੜ੍ਹਦੀ ਇਕ ਦਿਨ ਅਚਾਨਕ ਸ਼ੀਤਲ ਨੂੰ ਆਪਣੇ ਗੁਆਚੇ ਪਤੀ ਅਤੇ ਜ਼ੋਰਾਵਰ ਦੇ ਅਸਲੀ ਪਿਤਾ, ਸਮਰਜੀਤ (ਮੁਕੁਲ ਦੇਵ) ਜਿਸਨੂੰ ਹੁਣ ਤੱਕ ਮਰਿਆ ਹੋਇਆ ਸਮਝਿਆ ਗਿਆ ਸੀ, ਦੇ ਪੁਰਾਣੇ ਖ਼ਤ ਮਿਲਦੇ ਹਨ। ਇਸ ਵਾਰ ਜ਼ੋਰਾਵਰ ਆਪਣੇ ਨਿੱਜੀ ਮਿਸ਼ਨ ’ਤੇ ਸਾਊਥ ਅਫ਼ਰੀਕਾ ਦੇ ਸ਼ਹਿਰ ਡਰਬਨ ਜਾਂਦਾ ਹੈ, ਜਿੱਥੇ ਉਹ ਆਪਣੇ ਪਿਤਾ ਨੂੰ ਲੱਭਣ ਲਈ ਪੁਲਿਸ ਅਫ਼ਸਰ ਤੇਜਪਾਲ (ਪਵਨ ਰਾਜ ਮਲਹੋਤਰਾ) ਦੀ ਮਦਦ ਲੈਂਦਾ ਹੈ। ਕੀ ਉਹ ਆਪਣੇ ਗੁਆਚੇ ਪਿਤਾ ਨੂੰ ਲੱਭ ਸਕੇਗਾ? ਵੱਡਾ ਸਵਾਲ ਇਹ ਹੈ ਕਿ ਕੀ ਉਹ ਆਪ ਜਿਉਂਦਾ ਵਾਪਸ ਆਪਣੀ ਮਾਂ ਅਤੇ ਪ੍ਰੇਮਿਕਾ ਕੋਲ ਜਾ ਸਕੇਗਾ? ਇਹੀ ਯੋ ਯੋ ਹਨੀ ਸਿੰਘ ਦੀ ਜ਼ੋਰਾਵਰ ਦੇ ਸਫ਼ਰ ਦੀ ਕਹਾਣੀ ਦਾ ਕੇਂਦਰ ਹੈ।

film review zorawar honey singh


ਸਾਗਰ ਪੰਡੇਯਾ ਨੇ ਪੰਜਾਬੀ ਸਿਨੇਮਾ ਦੇ ਲਿਹਾਜ ਨਾਲ ਇਕ ਤਾਜ਼ਾ ਕਹਾਣੀ ਲਿਖੀ ਜਿਹੜੀ ਤਿੰਨ ਪੀੜ੍ਹੀਆਂ ਦੇ ਆਰ-ਪਾਰ ਉਲਝੇ ਰਿਸ਼ਤਿਆਂ ਦੀਆਂ ਤੰਦਾਂ ਦੁਆਲੇ ਘੁੰਮਦੀ ਹੈ। ਹਰ ਕੋਈ ਘਰ ਵਾਪਸੀ ਕਰਨਾ ਚਾਹੁੰਦਾ ਹੈ ਪਰ ਹਾਲਾਤ ਉਨ੍ਹਾਂ ਨੂੰ ਦੂਜੇ ਪਾਸੇ ਧੱਕ ਰਹੇ ਹਨ। ਪਿਤਾ-ਧੀ ਅਤੇ ਪਿਉ-ਪੁੱਤਰ ਦੇ ਰਿਸ਼ਤਿਆਂ ’ਤੇ ਆਧਾਰਿਤ ਇਹ ਹੁਣ ਤੱਕ ਦੀ ਸਭ ਤੋਂ ਭਾਵੁਕ ਫ਼ਿਲਮ ਹੋ ਸਕਦੀ ਸੀ ਜੇਕਰ ਇਸ ਨੂੰ ਫ਼ਿਲਮਕਾਰੀ ਦੇ ਮਾਹਿਰ ਹੱਥਾਂ ਵਿਚ ਸੌਂਪਿਆ ਜਾਂਦਾ ਪਰ ਨਿਰਦੇਸ਼ਕ ਵਿਨੀਲ ਮਾਰਕਨ ਭਾਵਨਾਵਾਂ ਨੂੰ ਕੇਂਦਰ ਵਿਚ ਰੱਖਣ ’ਚ ਬੁਰੀ ਤਰ੍ਹਾਂ ਅਸਫ਼ਲ ਰਹੇ ਅਤੇ ਢਿੱਲੇ-ਮੱਠੇ ਐਕਸ਼ਨ, ਬੇਸਿਰ ਪੈਰ ਦੀ ਕਾਮੇਡੀ ਅਤੇ ਠੰਢੇ ਜਿਹੇ ਰੁਮਾਂਸ ਦੁਆਲੇ ਘੁੰਮਦੇ ਰਹੇ। ਇਸੇ ਕਰਕੇ ਇਨ੍ਹਾਂ ਵਿਚੋਂ ਕੋਈ ਵੀ ਰਸ ਸਹਿਜ ਸੁਭਾਅ ਪਰਦੇ ਉੱਤੇ ਨਹੀਂ ਉਤਰ ਸਕਿਆ ਅਤੇ ਫ਼ਿਲਮ ਨੀਰਸ ਅਤੇ ਬੋਝਲ ਹੁੰਦੀ ਗਈ। ਹਲਕੇ ਪੱਧਰ ਦੇ ਗ੍ਰਾਫ਼ਿਕਸ ਨੇ ਕਮਜ਼ੋਰ ਐਕਸ਼ਨ ਦ੍ਰਿਸ਼ਾਂ ਦਾ ਹੋਰ ਵੀ ਭੱਠਾ ਬਿਠਾ ਦਿੱਤਾ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੂੜ੍ਹਾਂ ਪੱਟ ਰਿਹਾ ਹੈ ਪਰ ਪਟਕਥਾ ਵਿਚ ਕੋਈ ਅਹਿਮ ਵਾਧਾ ਕਰਨ ਦੀ ਬਜਾਇ ਇਹ ਸਿਰਫ਼ ਫ਼ਿਲਮ ਦੀ ਲੰਬਾਈ ਹੀ ਵਧਾਉਂਦਾ ਹੈ। ਬੈਕਗ੍ਰਾਊਂਡ ਸਕੋਰ ਲੋੜੀਂਦਾ ਰੋਮਾਂਚ ਪੈਦਾ ਕਰਦਾ ਹੈ ਪਰ ਢਿੱਲੀ ਸਕ੍ਰਿਪਟ ਵਿਚ ਖਿੱਚ ਪੈਦਾ ਕਰਨ ਵਿਚ ਸਫ਼ਲ ਨਹੀਂ ਹੁੰਦਾ। ਹੇਮੰਤ ਬਹਿਲ ਨੇ ਦੇਸੀ ਅੰਦਾਜ਼ ਵਾਲੇ ਕੁਝ ਪੰਜਾਬੀ ਸੰਵਾਦ ਤਾਂ ਲਿਖੇ ਹਨ, ਪਰ ਅਦਾਕਾਰਾਂ ਦੀ ਟੁੱਟੀ-ਫੁੱਟੀ ਪੰਜਾਬੀ ਇਨ੍ਹਾਂ ਨੂੰ ਅਸਰਦਾਰ ਨਹੀਂ ਰਹਿਣ ਦਿੰਦੀ। ਮੋਹੰਨਾ ਕ੍ਰਿਸ਼ਨਾ ਦੀ ਸਿਨੇਮੈਟੋਗ੍ਰਾਫ਼ੀ ਫ਼ਿਲਮ ਨੂੰ ਵੱਡਾ ਕੈਨਵਸ ਦਿੰਦੀ ਹੈ। ਉਸ ਵੱਲੋਂ ਖਿੱਚੇ ਗਏ ਹਵਾਈ ਦ੍ਰਿਸ਼ ਬੇਹੱਦ ਦਿਲਕਸ਼ ਹਨ।


ਪਹਿਲਾਂ ਬੌਲੀਵੁੱਡ ਤੋਂ ਲੈ ਕੇ ਪੰਜਾਬੀ ਸਿਨੇਮਾ ਤੱਕ ਕਿਹਾ ਜਾਂਦਾ ਸੀ ਕਿ ਜੇ ਫ਼ਿਲਮ ਸਫ਼ਲ ਬਣਾਉਣੀ ਹੈ ਤਾਂ ਹਨੀ ਸਿੰਘ ਨੂੰ (ਸੰਗੀਤ ਲਈ) ‘ਲੈ ਲਉ’ ਪਰ ਹੁਣ ਲੱਗਦੈ ਕਿਹਾ ਕਰਨਗੇ ਕਿ ਜੇ ਫ਼ਿਲਮ ਦਾ ਡੱਬਾ ਗੋਲ ਕਰਨਾ ਹੈ ਤਾਂ ਹਨੀ ਸਿੰਘ ਨੂੰ (ਹੀਰੋ) ਲੈ ਲਉ। ਬਤੌਰ ਜ਼ੋਰਾਵਰ ਫੌਜੀ ਅਤੇ ਪਿਤਾ ਤੋਂ ਵਿਛੜੇ ਪੁੱਤਰ ਦੇ ਕਿਰਦਾਰ ਵਿਚ ਹਨੀ ਸਿੰਘ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਉਸਦੇ ਬੌਡੀ ਲੈਂਗੁਏਜ ਕਿਸੇ ਵਿਗੜੇ ਹੋਏ ਮੁੰਡੇ ਵਾਲੀ ਅਤੇ ਸੰਵਾਦ ਅਦਾਇਗੀ ਬੱਚਿਆਂ ਵਰਗੀ ਹੈ। ਦਮ ਦਿਖਾਉਣ ਵਾਲੇ ਦ੍ਰਿਸ਼ਾਂ ਵਿਚ ਸੰਵਾਦ ਬੋਲਦਿਆਂ ਉਹ ਬਹੁਤ ਸੁਸਤ ਅਤੇ ਸਰੂਰ ਜਿਹੇ ਵਿਚ ਲੱਗਦਾ ਹੈ। ਮੁਕੁਲ ਦੇਵ ਨੇ ਇਕ ਵਾਰ ਫਿਰ ਅੰਦਰੋਂ ਟੁੱਟੇ ਹੋਏ ਪਿਤਾ ਅਤੇ ਬਾਹਰੋਂ ਦਮਦਾਰ ਮਾਫ਼ੀਆ ਕਿੰਗ ਦੇ ਰੂਪ ਵਿਚ ਬੇਹਤਰੀਨ ਅਦਾਕਾਰੀ ਦਾ ਰੰਗ ਦਿਖਾਇਆ ਹੈ। ਪਵਨ ਰਾਜ ਮਲਹੋਤਰਾ ਕੱਬੇ ਪੁਲਿਸ ਅਫ਼ਸਰ ਅਤੇ ਚਾਲਬਾਜ਼ ਵਰਦੀ ਵਾਲੇ ਵਜੋਂ ਛਾਅ ਜਾਂਦਾ ਹੈ। ਪਾਰੁਲ ਗੁਲਾਟੀ ਦੀ ਖ਼ੂਬਸੂਰਤੀ ਮਨ ਮੋਹ ਲੈਂਦੀ ਹੈ ਪਰ ਉਸਦੇ ਚਿਹਰੇ ਤੋਂ ਹਾਵ-ਭਾਵ ਗਾਇਬ ਹਨ। ਜ਼ੋਆ ਦੇ ਕਿਰਦਾਰ ਵਿਚ ਬਾਨੀ ਜੇ ਬਹੁਤ ਦਿਲਕਸ਼ ਅਤੇ ਸੰਭਾਵਨਾ ਭਰਪੂਰ ਲੱਗੀ ਹੈ ਅਤੇ ਪੂਰੀ ਫ਼ਿਲਮ ਵਿਚ ਇਕ ਅੱਖੜ ਵੈਲਣ ਵਾਲੀ ਦਿੱਖ ਉਸਦੇ ਚਿਹਰੇ ’ਤੇ ਝਲਕਦੀ ਹੈ। ਇਨ੍ਹਾਂ ਸਾਰਿਆਂ ਦੀ ਹੀ ਪੰਜਾਬੀ ਡੰਗ-ਟਪਾਊ ਹੈ, ਜਿਸਨੂੰ ਸੁਣ ਕੇ ਨਜ਼ਾਰਾ ਘੱਟ ਅਤੇ ਹਾਸਾ ਵੱਧ ਆਉਂਦਾ ਹੈ। ਮਾਂ ਦਾ ਕਿਰਦਾਰ ਅਚਿੰਤ ਕੌਰ ਨੇ ਬਖੂਬੀ ਨਿਭਾਇਆ ਹੈ ਪਰ ਉਸਨੂੰ ਹਨੀ ਸਿੰਘ ਦੀ ਉਮਰ ਦੇ ਮੁੰਡੇ ਦੀ ਮਾਂ ਦੇ ਕਿਰਦਾਰ ਵਿਚ ਲਏ ਜਾਣਾ ਮੈਨੂੰ ਅਜੀਬ ਲੱਗਾ ਹੈ, ਉਹ ਮਾਂ ਨਾਲੋਂ ਉਸਦੀ ਵੱਡੀ ਭੈਣ ਲੱਗਦੀ ਹੈ। ਕਈ ਥਾਵਾਂ ’ਤੇ ਉਸਨੇ ਪਾਰੁਲ, ਬਾਨੀ, ਹਨੀ, ਮੁਕੁਲ ਦੇਵ ਅਤੇ ਪਵਨ ਰਾਜ ਮਲਹੋਤਰਾ ਤੋਂ ਜ਼ਿਆਦਾ ਚੰਗੀ ਪੰਜਾਬੀ ਬੋਲੀ ਹੈ।


ਆਉ ਹੁਣ ਫ਼ਿਲਮ ਦੇ ਕੁਝ ਟਪਲਿਆਂ ਬਾਰੇ ਗੱਲਾ ਕਰੀਏ। ਜਦ ਸ਼ੀਤਲ ਦੇ ਦੂਜੇ ਪਤੀ ਨੇ ਉਸਦੀ ਪੂਰੀ ਸੱਚਾਈ ਪਤਾ ਹੋਣ ਦੇ ਬਾਵਜੂਦ ਉਸਨੂੰ ਉਸਦੇ ਬੱਚੇ ਜ਼ੋਰਾਵਰ ਸਮੇਤ ਅਪਣਾ ਲਿਆ ਸੀ ਤਾਂ ਸ਼ੀਤਲ ਨੇ ਜ਼ੋਰਾਵਰ ਤੋਂ ਇਹ ਸੱਚ ਕਿਉਂ ਲੁਕਾਈ ਰੱਖਿਆ? ਜਦੋਂ ਧੂੰਆਂਧਾਰ ਫੌਜੀ ਅਫ਼ਸਰ ਵੀ ਆਪਣੇ ਗੁਆਚੇ ਬਾਪ ਦੇ ਕੇਸ ਬਾਰੇ ਕੋਈ ਸੁਰਾਗ ਨਾ ਲੱਭ ਸਕਿਆ ਤਾਂ ਇਕ ਮਾਮੂਲੀ ਅਫ਼ਰੀਕੀ ਔਰਤ ਕੋਲ ਅਜਿਹੀ ਕਿਹੜੀ ਗਿੱਦੜਸਿੰਗੀ ਸੀ ਕਿ ਉਸਨੇ ਪੁਲਸ ਦਾ ਰਿਕਾਰਡ ਕਿਵੇਂ ਹੈਕ ਕਰ ਲਿਆ? ਭਲਾ ਇਸ ਅਫ਼ਰੀਕੀ ਔਰਤ ਨੂੰ ਆਪਣੇ ਪਤੀ ਦੀਦਾਰ ਗਿੱਲ ਦੀ ਪੰਜਾਬੀ ਕਿਵੇਂ ਸਮਝ ਆ ਜਾਂਦੀ ਸੀ ਜਦਕਿ ਹਨੀ ਸਿੰਘ ਦੀ ਪੰਜਾਬੀ ਉਸਦੇ ਪੱਲੇ ਨਹੀਂ ਸੀ ਪੈਂਦੀ। ਕੀ ਦੀਦਾਰ ਅਫ਼ਰੀਕੀ ਪੰਜਾਬੀ ਬੋਲਦਾ ਸੀ? ਮੁਕੁਲ ਦੇਵ ਨੂੰ ਹਨੀ ਸਿੰਘ ਦੇ ਜ਼ੋਰਾਵਰ ਵਾਲੇ ਕਿਰਦਾਰ ਅਤੇ ਉਸਦੇ ਕੰਮ-ਕਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਸ ਲਈ ਤਾਂ ਉਹ ਉਸਦੇ ਗੈਂਗ ਦਾ ਮੈਂਬਰ ਜ਼ੋਰੋ ਸੀ, ਫਿਰ ਗੋਲੀ ਲੱਗਣ ਤੋਂ ਬਾਅਦ ਇਕ ਅਫ਼ਰੀਕੀ ਰਿਸੋਟਰ ਵਿਚ ਆਰਾਮ ਕਰਨ ਵਾਲੇ ਦ੍ਰਿਸ਼ ਵਿਚ ਉਹ ਉਸਨੂੰ ਜ਼ੋਰਾਵਰ ਕਹਿ ਕੇ ਕਿਵੇਂ ਬੁਲਾਉਂਦਾ ਹੈ? ਨਿਰਦੇਸ਼ਕ ਸਾਹਬ ਹੋਰ ਕੁਝ ਨਹੀਂ ਘੱਟੋ-ਘੱਟ ਕੰਟੀਨਿਊਟੀ ਵੱਲ ਤਾਂ ਗੌਰ ਕਰ ਹੀ ਲੈਂਦੇ। ਨਾਲੇ ਰੱਬ ਦਾ ਵਾਸਤੇ ਜੇ, ਇਹ ਤਾਂ ਦੱਸ ਦਿਉ ਕਿ ਜੇ ਸਮਰਜੀਤ ਚਿੱਠੀਆਂ ਭੇਜ ਕੇ ਡਰਬਨ ਵਿਚ ਉਸ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਤਾਂ ਉਸਨੇ ਆਪਣਾ ਨਾਮ ਬਦਲ ਕੇ ਸੰਗਰਾਮ ਕਿਉਂ ਰੱਖ ਲਿਆ? ਸੰਗਰਾਮ ਅਤੇ ਸ਼ੀਤਲ ਦੀ ਉਸ ਫ਼ੋਨ ਕਾਲ ਦੀ ਕੀ ਲੋੜ ਸੀ ਜੇ ਇਸ ਨਾਲ ਕਹਾਣੀ ਵਿਚ ਕੋਈ ਨਵੀਂ ਗੁੰਝਲ ਨਹੀਂ ਸੀ ਪੈਣੀ ਜਾਂ ਪੁਰਾਣੀ ਨਹੀਂ ਸੀ ਸੁਲਝਣੀ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪੰਜਾਬ ਦਾ ਭਗੌੜਾ ਕਾਤਲ ਤੇਜਪਾਲ ਅਫ਼ਰੀਕਾ ਆ ਕੇ ਪੁਲਸ ਅਫ਼ਸਰ ਕਿਵੇਂ ਲੱਗ ਗਿਆ? ਅਫ਼ਰੀਕੀ ਪੁਲਿਸ ਦੀ ਨੌਰਕੀ ਕਰਦਿਆਂ ਉਹ ਇੰਨੇ ਸਾਲ ਤੱਕ ਡਿਊਟੀ ਦਾ ਸਾਰਾ ਸਮਾਂ ਆਪਣਾ ਨਿੱਜੀ ਬਦਲਾ ਲੈਣ ਲਈ ਹੀ ਕਿਵੇਂ ਲਾਉਂਦਾ ਰਿਹਾ? ਕੀ ਅਫ਼ਰੀਕੀ ਪੁਲਿਸ ਨੇ ਉਸਨੂੰ ਇਸੇ ਲਈ ਭਰਤੀ ਕੀਤਾ ਸੀ ਜਾਂ ਉਸ ਤੋਂ ਹੋਰ ਵੀ ਕੰਮ ਕਰਵਾਉਂਦੀ ਸੀ? ਜੇ ਜ਼ੋਇਆ ਵੀ ਉਸ ਵੱਲੋਂ ਭੇਜੀ ਗਈ ਮੁਖਬਰ ਹੀ ਸੀ ਤਾਂ ਜ਼ੋਰਾਵਰ ਨੂੰ ਮੁਖਬਰ ਬਣਾ ਕੇ ਭੇਜਣ ਦੀ ਗੱਲ ਉਸ ਤੋਂ ਲੁਕਾਉਣ ਦੀ ਕੀ ਲੋੜ ਸੀ? ਕਹਾਣੀ ਬਾਰੇ ਹੋਰ ਵੀ ਕਈ ਸਵਾਲ ਨੇ ਜਿਹਨ੍ਹਾਂ ਦੇ ਜਵਾਬ ਦਰਸ਼ਕ ਮੰਗਣਗੇ ਹੀ ਨਹੀਂ, ਕਿਉਂਕਿ ਉਹ ਫ਼ਿਲਮ ਹੀ ਨਹੀਂ ਦੇਖਣ ਜਾ ਰਹੇ। ਪਹਿਲੇ ਦਿਨ ਸਵੇਰੇ ਗਿਆਰਾਂ ਵਜੇ ਦੇ ਸ਼ੋਅ ਵਿਚ ਲੁਧਿਆਣੇ ਦੇ ਇਕ ਮਲਟੀਪਲਕੈਸ ਦੇ ਪੂਰੇ ਹਾਲ ਵਿਚ ਮੇਰੇ ਤੋਂ ਸਿਵਾਏ ਕੇਵਲ ਦੋ-ਚਾਰ ਜੋੜੇ ਹੀ ਖੂੰਜਿਆਂ ਵਿਚ ਬੈਠੇ ਸਨ। ਸੋ, ਇਸ ਫ਼ਿਲਮ ਨੂੰ ਹਨੀ ਸਿੰਘ ਦੀ ਦਮਦਾਰ ਵਾਪਸੀ ਨਹੀਂ ਕਿਹਾ ਜਾ ਸਕਦਾ।

ਜਿਸ ਨੂੰ ਹਾਲੇ ਤੱਕ ਪੰਜਾਬੀ ਸਿਨੇਮਾ ਵਿਚ ਛੋਹਿਆ ਨਹੀਂ ਗਿਆ ਅਜਿਹੇ ਵਿਸ਼ੇ ’ਤੇ ਫ਼ਿਲਮ ਬਣਾਉਣ ਲਈ ਜ਼ੋਰਾਵਰ ਨੂੰ ਡੇਢ ਤਾਰੇ ਦਿੱਤੇ ਜਾ ਸਕਦੇ ਹਨ।

Updates in English

 

Copyright © 2009-2014. ਜਸਟ ਪੰਜਾਬੀ - All Rights Reserved