ਦੇਸੀ ਮੁੰਡੇ ਦੀ ਸ਼ੂਟਿੰਗ ਦਾ ਦੂਜਾ ਦੌਰ ਸ਼ੁਰੂ
ਲੰਬੇ ਸਮੇਂ ਤੋਂ ਰੁਕੀ ਹੋਈ ਬਲਕਾਰ ਸਿੱਧੂ
ਦੀ ਪੰਜਾਬੀ ਫ਼ਿਲਮ ਦੇਸੀ ਮੁੰਡੇ ਦੀ ਸ਼ੂਟਿੰਗ ਅੱਜ 3 ਸਤੰਬਰ ਨੂੰ ਚੰਡੀਗੜ ਵਿਚ ਸ਼ੁਰੂ ਹੋ
ਗਈ। ਲੱਗਭਗ ਇਕ ਹਫ਼ਤਾ ਪੰਜਾਬ ਵਿਚ ਕੁਝ ਅਹਿਮ ਦ੍ਰਿਸ਼ ਫਿਲਮਾਉਣ ਤੋਂ ਬਾਅਦ ਦੇਸੀ ਮੁੰਡੇ
ਦੀ ਪੂਰੀ ਟੀਮ ਲੰਡਨ ਰਵਾਨਾ ਹੋ ਜਾਵੇਗੀ, ਜਿੱਥੇ ਫ਼ਿਲਮ ਦਾ ਬਾਕੀ ਹਿੱਸਾ ਫ਼ਿਲਮਾਇਆ
ਜਾਵੇਗਾ। ਸ਼ੂਟਿੰਗ ਦੀ ਦੇਖ ਰੇਖ ਕਰਨ ਅਮਰੀਕਾ ਤੋਂ ਚੰਡੀਗੜ ਪਹੁੰਚੇ ਫ਼ਿਲਮ ਦੇ ਲੇਖਕ
ਅਤੇ ਨਿਰਮਾਤਾ ਬਲਵਿੰਦਰ ਹੀਰ ਨੇ ਜਸਟ ਪੰਜਾਬੀ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ
ਕੁਝ ਤਕਨੀਕੀ ਕਾਰਨਾਂ ਕਰ ਕੇ ਸ਼ੂਟਿੰਗ ਅੱਗੇ ਪਾਉਣੀ ਪਈ। ਹੁਣ ਅਸੀ ਇਹ ਦੱਸਦਿਆਂ ਖੁਸ਼ੀ
ਮਹਿਸੂਸ ਕਰ ਰਹੇ ਹਾਂ ਕਿ ਸਾਡੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। 14 ਸਤੰਬਰ ਤੋਂ
ਲੰਡਨ ਵਿਚ ਸ਼ੂਟਿੰਗ ਸ਼ੁਰੂ ਹੋਵੇਗੀ ਅਤੇ ਜਲਦੀ ਹੀ ਅਸੀ ਸਾਰਾ ਕੰਮ ਨੇਪਰੇ ਚਾੜ੍ਹ ਕੇ ਆਪਣੀ
ਫ਼ਿਲਮ ਦਰਸ਼ਕਾਂ ਦੀ ਕਚਹਿਰੀ ਵਿਚ ਲੈ ਆਵਾਂਗੇ। ਫ਼ਿਲਮ ਦੇ ਡੱਬਾ ਬੰਦ ਹੋ ਜਾਣ ਬਾਰੇ
ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ
ਫ਼ਿਲਮ ਵਿਚ ਸਾਡੀ ਬਹੁਤ ਮਿਹਨਤ ਅਤੇ ਸਰਮਾਇਆ ਲੱਗਿਆ ਹੈ। ਹਰ ਕੰਮ ਵਿਚ ਉਤਰਾਅ-ਚੜ੍ਹਾਅ
ਆਉਂਦੇ ਰਹਿੰਦੇ ਹਨ, ਪਰ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਦੇਸੀ ਮੁੰਡੇ ਦੀ ਪੂਰੀ ਟੀਮ
ਜੋਸ਼ ਨਾਲ ਫ਼ਿਲਮ ਬਣਾ ਰਹੀ ਹੈ ਅਤੇ ਜਿਸ ਨੂੰ ਜਲਦੀ ਹੀ ਦਰਸ਼ਕ ਸਿਨੇਮਾ ਘਰਾਂ ਵਿਚ ਦੇਖ
ਸਕਣਗੇ। ਉਨ੍ਹਾਂ ਦੱਸਿਆ ਕਿ ਬਲਕਾਰ ਸਿੱਧੂ, ਗੁਰਲੀਨ ਰੰਧਾਵਾ, ਬੰਟੀ ਗਰੇਵਾਲ ਸਮੇਤ
ਫ਼ਿਲਮ ਦੇ ਅਦਾਕਾਰਾਂ ਅਤੇ ਤਕਨੀਸ਼ਿਅਨਾਂ ਦੀ ਪੂਰੀ ਟੀਮ ਤਨਦੇਹੀ ਨਾਲ ਸਾਥ ਦੇ ਰਹੀ ਹੈ।
Comments
Post a Comment